ਤੂੰ ਮਿਲਿਓਂ ਤਾਂ ਸੱਜਣਾ

ਤੂੰ ਮਿਲਿਓਂ ਤਾਂ ਸੱਜਣਾ ਸਾਡੀ ਕਿਸਮਤ ਬਦਲ ਗਈ। 

ਤੇਰੀ ਚਾਹਤ ਕੀਤੀ ਹਰ ਇੱਕ  ਚਾਹਤ ਬਦਲ ਗਈ। 

ਸਾਗਰ ਵਿੱਚ ਜਦ ਕਿਸ਼ਤੀ ਸੀ ਤਾਂ ਉਲਟ ਹਵਾਵਾਂ ਸਨ, 

ਕੰਢੇ ਉੱਤੇ ਵਾਵਾਂ ਦੀ ਵੀ ਫ਼ਿਤਰਤ ਬਦਲ ਗਈ। 

ਤੇਰੀ ਇੱਕ ਨਿਗਾਹ ਨੇ ਮੈਨੂੰ ਪਾਕ ਬਣਾ ਦਿੱਤਾ, 

ਦੁਨੀਆਂ ਵੱਲੋਂ ਲਾਈ ਹਰ ਇੱਕ ਤੁਹਮਤ ਬਦਲ ਗਈ। 

ਹੁਣ ਤਾਂ ਤੇਰੀ ਸੂਰਤ ਤੋਂ ਹੀ ਵਕਤ ਨਹੀਂ ਮਿਲਦਾ, 

ਮੁੜ ਮੁੜ ਸ਼ੀਸ਼ਾ ਦੇਖਣ ਦੀ ਹੁਣ ਅਾਦਤ ਬਦਲ ਗਈ। 

ਪਰਦੇਸੀ ਪਹਿਰਾਵਾ ਪਹਿਨ  ਕੇ ਸੂਰਤ ਬਦਲੀ ਸੀ, 

ਤੇਰੇ ਨਾਲ ਜਾਂ  ਤੁਰੀ ਤਾਂ ਮੇਰੀ ਸੀਰਤ ਬਦਲ ਗਈ। 

ਗੁਲਸ਼ਨ ਵਿੱਚ ੲਿਕ ਅਜਬ ਜਿਹੀ ਬੇਰੰਗੀ  ਛਾਈ ਸੀ, 

ਤੂੰ ਹੱਸਿਓਂ ਤਾਂ ਸਭ ਫੁੱਲਾਂ ਦੀ ਰੰਗਤ ਬਦਲ ਗਈ। 

ਚੰਨਾਂ ਤੇਰੇ ਨਾਲ ਸੀ ਰਹਿੰਦੀ ਚਾਨਣੀ ਹਰ ਦਮ ਹੀ, 

ਮੇਰੇ ਮਿਲਣ ਤੇ ਤੇਰੀ ਵੀ ਤਾਂ ਸੁਹਬਤ ਬਦਲ ਗਈ। 

'ਸਿਦਕ' ਦੀਆਂ ਅੱਖਾਂ ਵਿੱਚ ਕਿੰਨੇ ਚੰਨ ਸਿਤਾਰੇ ਸਨ, 

ਗ਼ਜ਼ਲਾਂ ਲਿਖਦੇ ਲਿਖਦੇ ਉਸ ਦੀ ਹਸਰਤ ਬਦਲ ਗਈ।

📝 ਸੋਧ ਲਈ ਭੇਜੋ