ਤੂੰ ਨਹੀਂ ਆਇਆ

ਚੇਤਰ ਨੇ ਪਾਸਾ ਮੋੜਿਆ

ਰੰਗਾਂ ਦੇ ਮੇਲੇ ਵਾਸਤੇ

ਫੁੱਲਾਂ ਨੇ ਰੇਸ਼ਮ ਜੋੜਿਆ

ਤੂੰ ਨਹੀਂ ਆਇਆ

ਹੋਈਆਂ ਦੁਪਹਿਰਾਂ ਲੰਮੀਆਂ

ਦਾਖਾਂ ਨੂੰ ਲਾਲੀ ਛੋਹ ਗਈ

ਦਾਤੀ ਨੇ ਕਣਕਾਂ ਚੁੰਮੀਆਂ

ਤੂੰ ਨਹੀਂ ਆਇਆ

ਬੱਦਲਾਂ ਦੀ ਦੁਨੀਆ ਛਾ ਗਈ

ਧਰਤੀ ਨੇ ਬੁੱਕਾਂ ਜੋੜ ਕੇ

ਅੰਬਰਾਂ ਦੀ ਰਹਿਮਤ ਪੀ ਲਈ

ਤੂੰ ਨਹੀਂ ਆਇਆ

ਰੁੱਖਾਂ ਨੇ ਜਾਦੂ ਕਰ ਲਿਆ

ਜੰਗਲ ਦੀ ਛੋਂਹਦੀ ਪੌਣ ਦੇ

ਹੋਠਾਂ 'ਚ ਸ਼ਹਿਦ ਭਰ ਗਿਆ

ਤੂੰ ਨਹੀਂ ਆਇਆ

ਰੁੱਤਾਂ ਨੇ ਜਾਦੂ ਛੋਹਣੀਆਂ

ਚੰਨਾਂ ਨੇ ਪਾਈਆਂ ਆਣ ਕੇ

ਰਾਤਾਂ ਦੇ ਮੱਥੇ ਦੌਣੀਆਂ

ਤੂੰ ਨਹੀਂ ਆਇਆ

ਅੱਜ ਫੇਰ ਤਾਰੇ ਕਹਿ ਗਏ

ਉਮਰਾਂ ਦੇ ਮਹਿਲੀਂ ਅਜੇ ਵੀ

ਹੁਸਨਾਂ ਦੇ ਦੀਵੇ ਬਲ ਰਹੇ

ਤੂੰ ਨਹੀਂ ਆਇਆ

ਕਿਰਣਾਂ ਦਾ ਝੁਰਮਟ ਆਖਦਾ

ਰਾਤਾਂ ਦੀ ਗੂਹੜੀ ਨੀਂਦ ਚੋਂ

ਹਾਲੇ ਵੀ ਚਾਨਣ ਜਾਗਦਾ

ਤੂੰ ਨਹੀਂ ਆਇਆ

📝 ਸੋਧ ਲਈ ਭੇਜੋ