ਤੂੰ ਨਹੀਂ ਪਰਤਣਾ

ਤੂੰ ਨਹੀਂ ਪਰਤਣਾ ਕਦੀ ਮੈਂ ਜਾਣਦਾ ਹਾਂ, 

ਰਹਿੰਦਾ ਰੋਜ਼ ਤੇਰਾ ਇੰਤਜ਼ਾਰ ਮੈਨੂੰ।

'ਕੱਲ੍ਹਾ ਛੱਡ ਨਾ ਵਿਚ ਮੰਝਧਾਰ ਮੈਨੂੰ, 

ਹੱਥੀਂ ਡੋਬ ਜਾਂ ਪਾਰ ਉਤਾਰ ਮੈਨੂੰ।

ਤੂੰ ਹੀ ਦੱਸ ਮੈਂ ਉਹਨਾਂ ਨੂੰ ਕੀ ਦੱਸਾਂ, 

ਤੇਰਾ ਰਾਜ਼ ਪੁੱਛਣ ਮੇਰੇ ਯਾਰ ਮੈਨੂੰ। 

ਇਕ ਦੂਜੇ ਨੂੰ ਮਸਾਂ ਸਿਆਣ ਸੱਕੇ, 

ਮਿਲਿਆ ਕੱਲ੍ਹ ਇਕ ਵਿਛੜਿਆ ਯਾਰ ਮੈਨੂੰ।

ਤੈਨੂੰ ਲੱਭਦਾ ਇੰਜ ਗੁਆਚਿਆ ਹਾਂ, 

ਰਹੀ ਆਪਣੀ ਥੌਹ ਨਾ ਸਾਰ ਮੈਨੂੰ।

ਕਰਾਂ ਕਿਸੇ 'ਤੇ ਗਿਲਾ ਤਾਂ ਕੀ ਯਾਰੋ, 

ਆਪਣੇ ਦਿਲ 'ਤੇ ਨਹੀਂ ਇਤਬਾਰ ਮੈਨੂੰ।

ਤੇਰੇ ਬਾਝ ਹੋ ਗਿਆ ਮੈਂ ਕੀ ਦਾ ਕੀ, 

ਕੇ ਦੇਖ ਤਾਂ ਜਾ ਇਕ ਵਾਰ ਮੈਨੂੰ।

📝 ਸੋਧ ਲਈ ਭੇਜੋ