ਤੂੰ ਨਹੀਂ ਪਰਤਿਆ

ਬਸ ਤੂੰ ਨਹੀਂ ਪਰਤਿਆ

ਤੈਨੂੰ ਲੱਭਦਿਆਂ

ਮੈਂ ਪਤਾ ਨਹੀਂ

ਕਿੰਨੀਆਂ ਕਿੰਨੀਆਂ

ਦੇਹਾਂ ਵਿੱਚ ਭਟਕਿਆ

 

ਹਰ ਦੇਹ ਵਿੱਚੋਂ

ਮੈਂ ਤੇਰੀ ਦੇਹ ਦੀ

ਖੁਸ਼ਬੋ ਸਿਆਣਦਾ

ਹਰ ਦੇਹ ਵਿੱਚੋਂ

ਮੈਂ ਤੇਰੇ ਨਾਲ ਬਿਤਾਏ

ਛਿਣਾਂ ਨੂੰ ਪਛਾਣਦਾ

 

ਪਰ ਦੇਹਾਂ ਕਦੇ

ਇਕੋ ਜਿਹੀਆਂ ਨਹੀਂ ਹੁੰਦੀਆਂ

ਜਿਵੇਂ ਮਨ ਨਹੀਂ ਹੁੰਦੇ

 

ਹਰ ਦੇਹ ਦਾ

ਆਪਣਾ ਆਪਣਾ

ਸੱਚ ਝੂਠ ਹੁੰਦਾ

ਹਰ ਦੇਹ ਦਾ

ਆਪਣਾ ਆਪਣਾ

ਚਿੱਟਾ ਕਾਲਾ

ਹਰ ਦੇਹ ਦੀ

ਆਪਣੀ ਆਪਣੀ

ਹੁੰਦੀ ਤਾਸੀਰ

ਤਾਹਿਉਂ ਸ਼ਾਇਦ

ਹਰ ਦੇਹ ਨੇ

ਸੌਂਪ ਦਿੱਤੀ ਮੈਨੂੰ

ਸਗੋਂ ਆਪਣੀ ਹੀ ਪੀੜ

 

ਇਉਂ ਮੈਂ ਪੀੜਾਂ ਨੂੰ

ਜ਼ਰਬ ਕਰਦਾ

ਐਵੇਂ ਝੂਠਾ ਜਿਹਾ

ਗਰਵ ਕਰਦਾ

ਦੁੱਖਾਂ ਦੀ

ਪੂੰਜੀ ਵਧਾਉਂਦਾ ਰਿਹਾ

ਆਪਣੇ ਮਨ ਨੂੰ

ਸਦਾ ਇੱਕ ਝੂਠੇ ਜਿਹੇ

ਸੱਚ ਵਿੱਚ ਪਰਚਾਉਂਦਾ ਰਿਹਾ

 

ਮੈਨੂੰ ਲੱਗਦਾ ਸੀ

ਕਿ ਪਰਤ ਆਵੇਂਗਾ

ਤੂੰ ਇੱਕ ਨਾ ਇੱਕ ਦਿਨ

 

ਪਰ ਤੂੰ ਨਹੀਂ ਪਰਤਿਆ

ਤੇ ਤੈਨੂੰ ਲੱਭਦਿਆਂ

ਮੈਂ ਪਤਾ ਨਹੀਂ

ਕਿੰਨੀਆਂ ਕਿੰਨੀਆਂ

ਦੇਹਾਂ ਵਿੱਚ ਭਟਕਿਆ।

📝 ਸੋਧ ਲਈ ਭੇਜੋ