ਤੂੰ ਨਹੀਂ ਸਾਡੀ ਪਾਈ ਗਲ

ਤੂੰ ਨਹੀਂ ਸਾਡੀ ਪਾਈ ਗਲ। 

ਸਾਡੇ ਦਿਲ ਇਹ ਆਈ ਗਲ।

ਜਦ ਵੀ ਉਹਨੇ ਲਾਈ ਗਲ। 

ਫੇਰ ਸਾਨੂੰ ਆਈ ਗਲ

ਗਲ ਗਲ ਉੱਤੇ ਟੋਕਣ ਦੀ 

ਤੈਨੂੰ ਕਿਸਨੇ ਸਿਖਾਈ ਗਲ।

ਗ਼ੈਰ ਦੇ ਪਤਰਾ ਵਾਚਣ ਨੇ 

ਮੇਰੀ ਫੇਰ ਚਲਾਈ ਗਲ।

ਤੇਰੇ ਸੌਂਹੇ ਆਂਉਦੇ ਹੀ

ਰਹਿ ਗਈ ਮੂੰਹ ਵਿਚ ਆਈ ਗਲ।

ਵਿਗੜੀ ਸਾਡੇ ਹੀ ਹੱਥੋਂ 

ਮੁਸ਼ਕਿਲ ਨਾਲ ਬਣਾਈ ਗਲ।

ਮੇਰੇ ਦਿਲ ਦੀ ਗਲ ਸੁਣ ਕੇ

ਉਸਨੇ ਹੋਰ ਚਲਾਈ ਗਲ।

ਤੇਰੇ ਮੇਰੇ ਬਾਰੇ ਵਿਚ 

ਗ਼ੈਰਾਂ ਖੂਬ ਉਡਾਈ ਗਲ

ਤੇਰੇ ਦਿਲ ਚੋਂ ਜਾਂਦੀ ਨਹੀਂ

ਐਸੀ ਗ਼ੈਰ ਬਿਠਾਈ ਗਲ !

ਵਾਰੇ ਜਾਵਾਂ ਸੁਪਨੇ ਦੇ 

ਜਿਸਨੇ ਫੇਰ ਬਣਾਈ ਗਲ।

‘ਹਮਦਰਦਾ' ਸਚ ਹੁੰਦੀ ਹੈ 

ਮੌਤ ਦੇ ਮੂੰਹੋਂ ਆਈ ਗਲ।

📝 ਸੋਧ ਲਈ ਭੇਜੋ