ਤੂੰ ਪੁੱਤ ਦਰਿਆਵਾਂ ਦਾ

ਤੂੰ ਪੁੱਤ ਦਰਿਆਵਾਂ ਦਾ

ਅਸਾਂ ਵਗਣ ਨ ਦੇਣਾ,

ਤੈਨੂੰ ਜੂਹ ਪਰਾਈ ਵਿਚ

ਅਸਾਂ ਫਬਣ ਨ ਦੇਣਾ।

ਤੇਰੇ ਲਸ਼ਕਰ ਚੜ੍ਹਦੇ ਵੇ

ਤੇਰੀ ਬਾਤ ਹੀ ਕਰਦੇ ਵੇ,

ਇਕ ਦੀਵੇ ਖ਼ਾਤਰ ਪਰ

ਅਸਾਂ ਗਗਨ ਨ ਦੇਣਾ—

ਤੂੰ ਪੁੱਤ ਦਰਿਆਵਾਂ ਦਾ

ਅਸਾਂ ਵਗਣ ਨਾ ਦੇਣਾ।

ਹੜ੍ਹ ਚੜ੍ਹੀਆਂ ਵਾਹਰਾਂ ਦੇ 

ਰੰਗ ਲੰਮੀਆਂ ਨਾਰਾਂ ਦੇ,

ਸ਼ਾਹ ਕਾਲੇ ਸਾਵਨ ਨੂੰ

ਰਾਹ ਵਗਣ ਨ ਦੇਣਾ—

ਤੂੰ ਪੁੱਤ ਦਰਿਆਵਾਂ ਦਾ

ਅਸਾਂ ਵਗਣ ਨ ਦੇਣਾ।

ਅਸਾਂ ਘੁੰਡ ਵਿਚ ਲੜਣਾ ਵੇ

ਤੈਨੂੰ ਜੁਗਨੂੰ ਕਰਨਾ ਵੇ-

ਚੰਨ ਈਦ ਦਾ ਬੰਨਿਆਂ 'ਤੇ

ਅਸਾਂ ਜਗਣ ਨ ਦੇਣਾ—

ਤੂੰ ਪੁੱਤ ਦਰਿਆਵਾਂ ਦਾ

ਅਸਾਂ ਵਗਣ ਨ ਦੇਣਾ।

ਤੇਰਾ ਤਪਸ਼ਾ ਝੱਖੜਾਂ ਤੇ

ਬੰਨ੍ਹ ਰੱਖਿਆ ਸੱਥਰਾਂ ਤੇ,

ਕੁੱਲ ਹੁਸਨ ਦੀ ਜੂਹ ਬਖ਼ਸ਼ੀ

ਅਸਾਂ ਸੱਜਣ ਨ ਦੇਣਾ-

ਤੂੰ ਪੁੱਤ ਦਰਿਆਵਾਂ ਦਾ

ਅਸਾਂ ਵਗਣ ਨ ਦੇਣਾ-

ਤੈਨੂੰ ਜੂਹ ਪਰਾਈ ਵਿਚ

ਅਸਾਂ ਫਬਣ ਨ ਦੇਣਾ।

📝 ਸੋਧ ਲਈ ਭੇਜੋ