ਤੂੰ ਰਵੀ ਮੈਂ ਪ੍ਰਿਥਵੀ

ਤੇਰਾ ਮੇਰਾ ਕੀ ਹੈ ਨਾਤਾ ਕੀ ਕਹਾਂ

ਜਾਣਦਾ ਬੁਝਦਾ ਵੀ ਕਹਿਣੋ ਝਿਜਕਦਾਂ

ਗੋਰੀਏ, ਤੂੰ ਏਂ ਰਵੀ ਮੈਂ ਪ੍ਰਿਥਵੀ, 

ਆਪਣੇ ਵਿਚਕਾਰ ਕਿੰਨੀ ਵਿੱਥ ਹੈ! 

ਆਪਣੇ ਵਿਚਕਾਰ ਕਿੰਨਾ ਫ਼ਾਸਲਾ !! 

ਖਿੱਚ ਤੇਰੀ ਬਹੁਤ ਪਰਬਲ, 

ਹੋਰ ਵੀ ਖਿੱਚਾਂ ਨੇ ਪਰ।

ਕਸ਼ਮਕਸ਼ ਦਾ ਜਾਲ ਹੈ ਤਣਿਆ ਪਿਆ।

ਏਸ ਆਕਰਸ਼ਨ ਦੀ ਸ਼ਕਤੀ

ਵਿਚ ਮੇਰੀ ਹੋਂਦ ਹੈ ਜਕੜੀ ਗਈ।

ਪਿਘਲਿਆ ਹੈ ਦਿਲ 'ਚ ਲਾਵਾ ਜੇ ਕਦੀ,

ਡਗਮਗਾ ਕੇ ਸੰਭਲੀ ਹੈ ਜ਼ਿੰਦਗੀ,

ਬੇਬਸੀ ਦਾ ਹੋ ਗਿਆ ਮੈਨੂੰ ਗਿਆਨ

ਭੇਤ ਏਨਾ ਖੁਲ੍ਹਿਆ ਕਿ ਏਸ ਦੂਰੀ ਤੇ ਮੇਰਾ ਕੋਈ ਜ਼ੋਰ ਨਹੀਂ।

ਤੈਨੂੰ ਤਾਂ ਅਹਿਸਾਸ ਵੀ ਨਹੀਂ

ਸ਼ਾਇਦ ਮੇਰੇ ਹੋਣ ਦਾ !

ਚੀਕ ਕੇ ਦੂਰੀ ਨੂੰ ਪਰ

ਮਿਹਰ ਤੇਰੇ ਤੇਜ ਦੀ ਹੈ ਹੋ ਰਹੀ, 

ਇਸ ਨੂਰ ਹੀ ਦੇ ਆਸਰੇ

ਹੈ ਮੇਰੀ ਦੁਨੀਆਂ ਜੀ ਰਹੀ।

ਇਸ ਨੂਰ ਬਾਝੋਂ ਸੋਚ ਨਹੀਂ ਸਕਦਾ

ਕਿ ਮੇਰਾ ਕੀ ਬਣੇ।

ਮੁੱਦਤਾਂ ਤੋਂ ਤੇਰੇ ਗਿਰਦੇ

ਮੈਂ ਹਾਂ ਗੇੜੇ ਦੇ ਰਿਹਾ

ਉਮਰ ਮੇਰੀ ਬੱਸ ਇਕ ਆਵਾਰਾਗਰਦੀ ਹੈ ਨਿਰੀ

ਏਸ ਪੈਂਡੇ ਦੀ ਕੋਈ ਮੰਜ਼ਿਲ ਨਹੀਂ।

ਏਸ ਦੂਰੀ ਅੱਗੇ ਕੋਈ ਵਾਹ ਨਹੀਂ? 

ਚਲ ਇੰਜ ਤਾਂ ਇੰਜ ਹੀ ਸਹੀ,

ਏਸ ਦੂਰੀ ਦੀ ਕੋਈ ਪਰਵਾਹ ਨਹੀਂ। 

ਖੌਰੇ ਤੇਰੀ ਨੇੜਤਾ ਮੈਂ ਝੱਲ ਵੀ ਸਕਦਾ ਨਹੀਂ 

ਖੌਰੇ ਤੇਰਾ ਤੇਜ ਹਸਤੀ ਨੂੰ ਭਸਮ ਹੀ ਕਰ ਦਏ। 

ਗ਼ਮ ਨਹੀਂ, ਕੋਈ ਗ਼ਮ ਨਹੀਂ!

ਤੈਨੂੰ ਮੇਰੇ ਹੋਣ ਦਾ ਅਹਿਸਾਸ ਬੇਸ਼ੱਕ ਹੋਏ ਨਾ, 

ਮਿਹਰ ਤੇਰੇ ਤੇਜ਼ ਦੀ ਹੁੰਦੀ ਰਹੇ।

ਜ਼ਿੰਦਗੀ ਇਸ ਚਾਲ ਤੇ ਬੱਝੀ ਰਹੇ। 

ਮੈਂ ਜਾਣਦਾ ਗ੍ਰਹਿ ਹੋਰ ਵੀ ਨੇ 

ਤੇਰੀ ਪ੍ਰਕਰਮਾ ਚਿਕੋਰੀ ਕਰ ਰਹੇ, 

ਮੇਰੇ ਵਾਂਗੂੰ ਨੂਰ ਤੇਰੇ ਦੇ ਸਹਾਰੇ ਜੀ ਰਹੇ, 

ਗੋਰੀਏ ਤੂੰ ਏਂ ਰਵੀ ਮੈਂ ਪ੍ਰਿਥਵੀ, 

ਤੇਰੇ ਸਦਕੇ ਚਮਕਦੀ ਹੈ ਜ਼ਿੰਦਗੀ।

📝 ਸੋਧ ਲਈ ਭੇਜੋ