ਤੂੰ ਸੁਭਾਵਕ ਜਿਹੀ

ਤੂੰ ਸੁਭਾਵਕ ਜਿਹੀ ਅਲਵਿਦਾ ਕਹਿ ਗਿਉਂ,

ਤੂੰ ਕੀ ਜਾਣੇ ਫ਼ਕੀਰਾਂ ਤੇ ਕੀ ਵਾਪਰੀ ।

ਰਾਤ ਭਰ ਕਿੰਜ ਤਾਰੇ ਤੜਪਦੇ ਰਹੇ,

ਬੈਠ ਬਿਰਖਾਂ ਤੇ ਰੋਂਦੀ ਰਹੀ ਚਾਨਣੀ ।

ਘੋਰ ਕਾਲੇ ਡਰਾਉਣੇ ਜਿਹੇ ਚੌਕ 'ਤੇ,

ਬੁੱਤ ਬਣਿਆ ਖਲੋਤਾ ਸੀ ਕੋਈ ਜਣਾ,

ਰਤਾ ਨੇੜੇ ਤੋਂ ਤੱਕਿਆ ਤਾਂ ਮੈਂ ਰੋ ਪਿਆ,

ਨੀਂ ਹਯਾਤੀ ਤੂੰ ਪੱਥਰ ਕਿਉਂ ਹੋ ਗਈ ?

ਉਹ ਜੋ ਆਪਣੇ ਹੀ ਸਾਏ ਮਗਰ ਦੌੜਦੇ,

ਜਦ ਮਿਲੀ ਵਿਹਲ ਸ਼ੁਹਦੇ ਬੜਾ ਰੋਣਗੇ,

ਜਦ ਪਵੇਗੀ ਜ਼ਰੂਰਤ ਕਿਸੇ ਹੋਰ ਦੀ,

ਫੇਰ ਸਮਝਣਗੇ ਕੀ ਚੀਜ਼ ਹੈ ਜ਼ਿੰਦਗੀ ।

ਕੋਲ ਮੇਰੇ ਜਦੋਂ ਦਿਲ ਦਾ ਮਹਿਰਮ ਨਹੀਂ,

ਕਿਸ ਦੇ ਸਾਹਵੇਂ ਜ਼ਮਾਨੇ ਨੂੰ ਨੰਗਾ ਕਰਾਂ, 

ਆਸ਼ਕੀ ਆਸ਼ਕੀ ਕੂਕਦਾ ਹਰ ਕੋਈ,

ਸੀਸ ਇੱਕ ਦੇ ਵੀ ਧੜ 'ਤੇ ਸਬੂਤਾ ਨਹੀਂ ।

ਜਿੰਦ ਸਾਗਰ ਕਿਨਾਰੇ ਪਿਆਸੀ ਖੜੀ,

ਕੀ ਗਿਲਾ ਜ਼ਿੰਦਗੀ ਜੇ ਸ਼ਿਕਾਇਤ ਕਰੇ,

ਕੀ ਗਿਲਾ ਜ਼ਿੰਦਗੀ ਜੇ ਸ਼ਿਕਾਇਤ ਕਰੇ,

ਜਿੰਦ ਸਾਗਰ ਕਿਨਾਰੇ ਪਿਆਸੀ ਖੜੀ ।

📝 ਸੋਧ ਲਈ ਭੇਜੋ