ਤੂੰ ਤਾਂ ਹੱਸਦਿਆਂ ਹੱਸਦਿਆਂ

ਪਾਣੀ ਵਿੱਚ

ਇੱਕ ਕੰਕਰ ਹੀ ਉਛਾਲਿਆ

ਪਰ ਪਾਣੀ ਦੀਆਂ

ਲਹਿਰਾਂ ਵਿਚਲਾ ਅਕਸ ਫੜਨ ਲਈ

ਮੈਂ ਸਾਰੇ ਦਾ ਸਾਰਾ ਪਾਣੀ ਹੰਗਾਲਿਆ

 

ਪਾਣੀ ਕਿਤੇ ਥੋੜਾ

ਕਿਤੇ ਗਹਿਰਾ ਸੀ

ਪਰ ਹਰ ਬੂੰਦ ਦੁਆਲੇ

ਧੁਆਂਖੀਆਂ ਸਿਮਰਤੀਆਂ ਦਾ ਪਹਿਰਾ ਸੀ

 

ਕਿਤੇ ਯਾਦਾਂ ਦੇ

ਟਿਮਟਿਮਾਉਂਦੇ ਅਕਸ ਸਨ

ਕਿਤੇ ਮਰ ਚੁੱਕੀਆਂ ਮੁਹੱਬਤਾਂ ਦੇ

ਗੁੁਆਚ ਰਹੇ ਨਕਸ਼ ਸਨ

 

ਮੈਂ ਪਾਣੀ ’ਚੋਂ

ਅਕਸ ਫੜਨ ਦੀ ਕੋਸ਼ਿਸ਼ ਕੀਤੀ

ਮੈਂ ਯਾਦਾਂ ਦੇ

ਨਕਸ਼ ਘੜਨ ਦੀ ਕੋਸ਼ਿਸ਼ ਕੀਤੀ

 

ਕਦੇ ਏਧਰ

ਕਦੇ ਉਧਰ ਭੱਜਦਿਆਂ

ਮੈਂ ਬੜਾ ਪਾਣੀ ਹੰਗਾਲਿਆ

 

ਤੂੰ ਤਾਂ ਹੱਸਦਿਆਂ ਹੱਸਦਿਆਂ

ਪਾਣੀ ਵਿੱਚ

ਇੱਕ ਕੰਕਰ ਹੀ ਉਛਾਲਿਆ।

📝 ਸੋਧ ਲਈ ਭੇਜੋ