ਤੂੰ ਤਾਂ ਪਹਿਲਾ ਪਿਆਰ ਹੈਂ ਤੈਨੂੰ ਭੁਲਾਵਾਂ ਕਿਸ ਤਰ੍ਹਾਂ
ਤੂੰ ਹੀ ਦੱਸ ਮੈਂ ਸ਼ਹਿਰ ਤੇਰਾ ਛੋੜ ਜਾਵਾਂ ਕਿਸ ਤਰ੍ਹਾਂ।
ਤੂੰ ਤਾਂ ਅਪਣਾ ਹੋ ਕੇ ਵੀ ਯਾਰਾ ਸਤਾਇਆ ਉਮਰ ਭਰ
ਫਿਰ ਵੀ ਦਿਲ ਵਿਚ ਤੂੰ ਵਸੇਂ ਤੈਨੂੰ ਵਖਾਵਾਂ ਕਿਸ ਤਰ੍ਹਾਂ।
ਹੈ ਲਕੀਰਾਂ ਹੱਥ ਦੀਆਂ ਤੇ ਉਕਰਿਆ ਜੋ ਦਿਲਬਰਾ
ਨਾਮ ਤੇਰੇ ਨੂੰ ਮੈਂ ਲੇਖਾਂ ’ਚੋਂ ਮਿਟਾਵਾਂ ਕਿਸ ਤਰ੍ਹਾਂ।
ਸੌਣ ਦੀ ਰੁੱਤੇ ਤੇਰੀ ਯਾਦਾਂ ਦੀ ਛਹਿਬਰ ਲੱਗ ਗਈ
ਦਿਲ ਕਰੇ ਤੂੰ ਕੋਲ ਹੋਵੇਂ ਪਰ ਬੁਲਾਵਾਂ ਕਿਸ ਤਰ੍ਹਾਂ।
ਫ਼ਾਸਲੇ ਹੀ ਫ਼ਾਸਲੇ ਨੇ ਦੂਰੀਆਂ ਹੀ ਦੂਰੀਆਂ
ਧਰਤ ਤੇ ਆਕਾਸ਼ ਨੂੰ ਯਾਰੋ ਮਿਲਾਵਾਂ ਕਿਸ ਤਰ੍ਹਾਂ।
ਮਾਰਿਆ ਪਰਵਾਨਿਆਂ ਨੂੰ ਕਿਉਂ ਸ਼ਮਾ ਨੇ ਸਾੜ ਕੇ
ਸੜ ਮਰੀ ਪਰ ਆਪ ਵੀ ਇਹ ਜਾਣ ਪਾਵਾਂ ਕਿਸ ਤਰ੍ਹਾਂ।
ਰੂਪ ਸੁਹਣਾ ਵੇਖ ਤੇਰਾ ਪਾਪ ਦਸ ਕੀ ਹੋ ਗਿਆ
ਪਿਆਰ ਹੀ ਜਦ ਹੋ ਗਿਆ ਤਾਂ ਮੈਂ ਛੁਪਾਵਾਂ ਕਿਸ ਤਰ੍ਹਾਂ।
ਪਿਆਰ ‘ਉੱਪਲ’ ਰੱਬ ਦੀ ਪੂਜਾ ਪਿਆਰ ਹੀ ਹੈ ਬੰਦਗੀ
ਛੋੜ ਕੇ ਦਰ ਯਾਰ ਦਾ ਦਰ ਹੋਰ ਜਾਵਾਂ ਕਿਸ ਤਰ੍ਹਾਂ।