ਟੁਕੜੇ ਟੁਕੜੇ ਨਾਦ ਅੰਬਰੀ ਘੁੰਮੇ

ਟੁਕੜੇ ਟੁਕੜੇ ਨਾਦ ਅੰਬਰੀ ਘੁੰਮੇ

ਕੁਝ ਚੀਕਾਂ ਦੀਆਂ ਲੀਰਾਂ ਲੀਰਾਂ

ਕੁਝ ਹੌਕਿਆਂ ਦੇ ਫੰਬੇ ਫੰਬੇ

ਚਿੱਟੇ ਬੱਦਲਾਂ ਵਾਂਗ ਭਟਕਦੇ ਫਿਰਦੇ।

ਕਿਸ ਘਰ ਦੀ ਛੱਤ ਹੌਕੇ ਨੇ ਜਾ ਟਿਕਣਾ

ਕੌਣ ਬਨੇਰੇ ਚੀਕਾਂ ਨੇ ਜਾ ਵੱਜਣਾ

ਕਿਹੜਾ ਜਾਣੇ

ਸ਼ਾਇਰ ਚੁੱਪ ਦੀ ਬੁੱਕਲ ਮਾਰੀ

ਫੰਬਿਆਂ ਪਿੱਛੇ ਫਿਰਦੇ ਲੀਰਾਂ ‘ਕੱਠੀਆਂ ਕਰਦੇ

ਅੰਦਰੇ ਅੰਦਰ ਰੋਹ ਦੀਆਂ ਸਤਰਾਂ ਲਿਖ ਲਿਖ

ਭਰਦੇ ਜਾਂਦੇ

ਕਦੇ ਕਦੇ ਬਸ ਮੰਚ ‘ਤੇ ਚੜ੍ਹਦੇ

ਮਾਇਕ ਫੜਦੇ

ਸ਼ਬਦਾਂ ਤੋਂ ਅਰਥਾਂ ਤਕ ਲੱਖਾਂ ਵਲ ਵਿੰਗ ਪਾਉਂਦੇ

ਖੁੱਲ੍ਹ ਕੇ ਕੁਝ ਨਾ ਕਹਿੰਦੇ।

ਕਲਾਕਾਰ ਕੁਝ ਐਸੇ ਵੀ ਨੇ

ਜੋ ਕੁਝ ਕਹਿੰਦੇ ਫਤਵੇ ਵਾਂਗ ਸੁਣਾਉਂਦੇ

ਜੋ ਕੁਝ ਵਾਹੁੰਦੇ ਤਿੱਖੀ ਨੋਕ ਨਾਲ ਹੀ ਵਾਹੁੰਦੇ

ਪੰਨੇ ਪਾੜ ਪਾੜ ਕੇ ਪੈਰਾਂ ਥੱਲੇ ਸੁੱਟੀ ਜਾਂਦੇ

ਕਲਮਾਂ ਬੁਰਸ਼ਾਂ ਹੱਥਾਂ ਉੱਤੇ ਭੁਬਲਾਂ ਪਾਉਂਦੇ

ਜੀਭਾਂ ਕੱਟ ਕੱਟ ਬਰਫ਼ਾਂ ਥੱਲੇ ਰੱਖੀ ਜਾਂਦੇ

ਬਹੁਤ ਬਿਸ਼ਰਮੀ ਦੇ ਸੰਗ

ਹਸਦੇ ਹਸਦੇ

ਹੌਕੇ ਚੀਕਾਂ ਸਿਰਜੀ ਜਾਂਦੇ

📝 ਸੋਧ ਲਈ ਭੇਜੋ