ਤੂੰ ਏਂ ਕਿਸ ਹਾਲ ਤੇਰਾ ਇਸ਼ਕ

ਤੂੰ ਏਂ ਕਿਸ ਹਾਲ ਤੇਰਾ ਇਸ਼ਕ ਪਤਾ ਦਿੰਦਾ ਏ ।

ਮੇਰੀ ਹਰ ਹਿਸ ਨੂੰ ਤੇਰਾ ਦਰਦ ਜਗਾ ਦਿੰਦਾ ਏ ।

ਜ਼ਿੰਦਗੀ ਰੂਪ ਵਟਾਂਦੀ ਏ ਕਈ ਹਰ ਵੇਲੇ,

ਵਸਲ ਬੇਕੈਫ਼ ਕਦੇ ਹਿਜਰ ਮਜ਼ਾ ਦਿੰਦਾ ਏ ।

ਉਹਦੀ ਹਰ ਬਾਤ 'ਚ ਆ ਜਾਂਦਾ ਏ ਤਕੱਬਰ ਆਪੇ,

ਰਿਜ਼ਕ ਅਨਹਦ ਜੇ ਕਿਸੇ ਨੂੰ ਵੀ ਖ਼ੁਦਾ ਦਿੰਦਾ ਏ ।

ਯਾਦ ਰੱਖੇ ਨਾ ਜੋ ਨੇਕੀ ਉਹ ਵੀ ਇਨਸਾਨ ਨਹੀਂ,

ਉਹ ਵੀ ਕਮ ਜ਼ਰਫ਼ ਏ ਜੋ ਅਹਿਸਾਨ ਜਤਾ ਦਿੰਦਾ ਏ ।

ਵਕਤ ਅਨਮੋਲ ਹੈ ਦੁਨੀਆ ਤੇ ਬਦਲ ਇਸ ਦਾ ਨਹੀਂ,

ਵਕਤ ਇਨਸਾਨ ਨੂੰ ਇਨਸਾਨ ਬਣਾ ਦਿੰਦਾ ਏ ।

ਮੈਂ ਹਾਂ ਖ਼ੁਸ਼ਬਖ਼ਤ ਜ਼ਮਾਨੇ ਤੇ ਯਕੀਣਨ 'ਆਦਿਲ',

ਮੇਰਾ ਦੁਸ਼ਮਣ ਵੀ ਪਿਆ ਮੈਨੂੰ ਦੁਆ ਦਿੰਦਾ ਏ ।

📝 ਸੋਧ ਲਈ ਭੇਜੋ