ਤੂੰ ਜੇ ਹਿੰਮਤ ਕਰਦੋਂ ਤੇ ਫਿਰ ਦੋਵੇਂ ਯਾਰ ਕਹਾਣੀ ਨੂੰ
ਇੰਜ ਕਦੀ ਨਾ ਮੁੱਕਣ ਦੇਂਦੇ ਅੱਧ ਵਿਚਕਾਰ ਕਹਾਣੀ ਨੂੰ
ਤੂੰ ਜੋ ਮੋਢਾ ਦਿੱਤਾ ਨਈਂ ਤੇ ਓੜਕ ਇੱਕ ਦਿਨ ਡਿੱਗਣੀ ਸੀ
ਕਿੰਨਾ ਕੁ ਚਿਰ ਚੁੱਕੀ ਫਿਰਦਾ ’ਕੱਲਿਆਂ ਪਿਆਰ ਕਹਾਣੀ ਨੂੰ
ਜੇਸ ਕਹਾਣੀ ਸਾਡੇ ਦੋਹਾਂ ਨਾਲ਼ ਕਹਾਣੀ ਕੀਤੀ ਸੀ
ਭੁੱਲੇ ਨਈਂ ਆਂ ਹਾਲੇ ਤੀਕਰ ਦੋਵੇਂ ਘਾਰ ਕਹਾਣੀ ਨੂੰ
ਜਿਹੜੀ ਗੱਲ ਦਾ ਡਰ ਸੀ ਮੈਨੂੰ ਉਹੀਓ ਈ ਗੱਲ ਕੀਤੀ ਊ
ਅੱਧ ਵਿਚਕਾਰੇ ਛੱਡਿਆ ਈ ਨਾ ਆਖ਼ਿਰਕਾਰ ਕਹਾਣੀ ਨੂੰ
ਮੈਨੂੰ ਤੈਨੂੰ ਇਹਨੂੰ ਉਹਨੂੰ ਏਸ ਕਿਸੇ ਨੂੰ ਛੱਡਣਾ ਨਈਂ
ਹਾਲੇ ਵੀ ਜੇ ਬੰਦ ਨਾ ਕੀਤਾ ਬੰਦੇ ਮਾਰ ਕਹਾਣੀ ਨੂੰ
ਓਹ ਜੋ ਮਾੜਾ ਬਾਦਸ਼ਾਹ ਸੀ ਸਮਝ ਗਿਆ ਸਾਂ ਕਿਹੜਾ ਏ
ਬਾਪੂ ਕੋਲ਼ੋਂ ਸੁਣਿਆ ਸੀ ਜਦ ਪਹਿਲੀ ਵਾਰ ਕਹਾਣੀ ਨੂੰ
ਜਿੰਨ੍ਹਾਂ ਉੱਤੇ ‘ਸੰਧੂ’ ਸਭ ਤੋਂ ਮਾਣ ਵਧੇਰਾ ਹੁੰਦਾ ਏ
ਓੜਕ ਇੱਕ ਦਿਨ ਲੈ ਬਹਿੰਦੇ ਨੇ ਓਹ ਕਿਰਦਾਰ ਕਹਾਣੀ ਨੂੰ