ਤੂੰ ਕਿਵੇਂ ਰਹਿੰਦੀ ਹੀ ਜਾਨੀ ਏਂ ਮਾਂ

ਤੂੰ ਗ਼ਮ ਨਾ ਲਾਇਆ ਕਰ

ਮੈਂ ਆਪਣੇ ਦੋਸਤਾਂ ਨਾਲ ਬੋਲਣਾ ਛੱਡ ਦਿਤਾ ਹੈ

ਪਤੈ ? ਉਹ ਕਹਿੰਦੇ ਸੀ-ਹੁਣ ਤੇਰਾ ਘਰ ਪਰਤਣਾ ਬਹੁਤ ਮੁਸ਼ਕਿਲ ਹੈ

ਉਹ ਝੂਠ ਕਹਿੰਦੇ ਨੇ ਮਾਂ, ਤੂੰ ਮੈਨੂੰ ਹੁਣ ਉਥੇ ਬਿਲਕੁਲ ਨਾ ਜਾਣ ਦਈਂ

ਆਪਾਂ ਬਬਲੂ ਨੂੰ ਵੀ ਨਹੀਂ ਜਾਣ ਦੇਵਾਂਗੇ

ਉਹ ਲੋਕ ਓਹੀਓ ਨੇ ਜਿਨਾਂ ਮੈਥੋਂ ਵੱਡੇ ਨੂੰ

ਤੈਥੋਂ ਵਿਛੋੜ ਦਿਤਾ ਸੀ

ਤੂੰ ਗ਼ਮ ਨਾ ਲਾਇਆ ਕਰ

ਮੈਂ ਉਸ ਸਾਲੇ ਅਸ਼ਿਮ ਚੈਟਰਜੀ ਨੂੰ ਮੁੱਛਾਂ ਤੋਂ ਫੜ ਕੇ

ਤੇਰੇ ਕਦਮਾਂ ਤੇ ਪਟਕ ਦਿਆਂਗਾ

ਤੂੰ ਉਹਤੋਂ ਮੈਥੋਂ ਵੱਡੇ ਦੀ ਲਾਸ਼ ਮੰਗੀਂ

ਉਹ ਬਾਈ ਦੀਆਂ ਹੱਡੀਆਂ ਨੂੰ ਜਾਦੂ ਦਾ ਡੰਡਾ ਬਣਾ ਕੇ

ਨਵਿਆਂ ਮੁੰਡਿਆਂ ਦੇ ਸਿਰ ਤੇ ਘੁਮਾਉਂਦੇ ਹਨ

ਤੂੰ ਰੋਂਦੀ ਕਿਉਂ ਏਂ ਮਾਂ

ਮੈਂ ਵੱਡੀ ਭੈਣ ਨੂੰ ਵੀ ਉਸ ਰਾਹੋਂ ਹੋੜ ਲਿਆਵਾਂਗਾ

ਤੇ ਫਿਰ ਅਸੀਂ ਸਾਰੇ ਭੈਣ ਭਰਾ

ਇਕੱਠੇ ਹੋ ਕੇ ਪਹਿਲਾਂ ਵਾਂਗ ਠਹਾਕੇ ਲਾਇਆ ਕਰਾਂਗੇ

ਬਚਪਨ ਦੇ ਉਨ੍ਹਾਂ ਦਿਨਾਂ ਵਾਂਗ

ਜਦ ਤੇਰੀਆਂ ਅੱਖਾਂ ਤੇ ਚੁੰਨੀ ਬੰਨ੍ਹ ਕੇ

ਅਸੀਂ ਮੰਜਿਆਂ ਦੇ ਹੇਠ ਲੁਕ ਜਾਂਦੇ ਸਾਂ

ਤੇ ਤੂੰ ਹੱਥ ਵਧਾ ਕੇ ਟੋਂਹਦੀ ਹੋਈ

ਸਾਨੂੰ ਲੱਭਿਆ ਕਰਦੀ ਸੈਂ

ਜਾਂ ਬਿਲਕੁਲ ਓਦੋਂ ਵਾਂਗ ਜਦ ਮੈਂ ਪਿੱਠ ਉਤੇ

ਚੂੰਢੀ ਭਰਕੇ ਦੌੜ ਜਾਂਦਾ ਸਾਂ

ਅਤੇ ਤੂੰ ਗੁੱਸੇ ਵਿਚ ਮੇਰੇ ਪਿਛੇ

ਵੇਲਣਾ ਵਗਾਹ ਕੇ ਮਾਰਦੀ-

ਮੈਂ ਟੁੱਟਿਆ ਹੋਇਆ ਵੇਲਣਾ ਵਿਖਾ ਵਿਖਾ

ਤੈਨੂੰ ਬੜਾ ਹੀ ਸਤਾਉਂਦਾ ਸਾਂ

ਬਾਈ ਦਾ ਚੇਤਾ ਤੈਨੂੰ ਬਹੁਤ ਸਤਾਉਂਦਾ ਨਾ ਮਾਂ?

ਉਹ ਬੜਾ ਸਾਊ ਸੀ-ਇਕ ਵਾਰ ਚੇਤਾ ਏ-?

ਜਦ ਉਹ ਟਾਹਲੀ ਛਾਂਗਦਾ ਹੋਇਆ ਡਿਗ ਪਿਆ ਸੀ

ਬਾਂਹ ਟੁੱਟ ਜਾਣ ਤੇ ਵੀ ਹੱਸਦਾ ਰਿਹਾ ਸੀ

ਤਾਂ ਕਿ ਸਦਮੇ ਨਾਲ ਤੂੰ ਗਸ਼ ਨਾ ਖਾ ਜਾਏਂ

ਤੇ ਭੈਣ ਓਦੋਂ ਕਿੰਨੀ ਛੋਟੀ ਸੀ

ਬਿਲਕੁਲ ਗੁੱਡੀ ਜਿਹੀ

ਹੁਣ ਉਹ ਸ਼ਹਿਰ ਜਾ ਕੇ ਕੀ ਕੀ ਸਿੱਖ ਗਈ ਹੈ

ਪਰ ਤੂੰ ਗ਼ਮ ਨਾ ਲਾਇਆ ਕਰ ਮਾਂ

ਆਪਾਂ ਉਹਦੇ ਹੱਥ ਪੀਲੇ ਕਰ ਦਿਆਂਗੇ

ਫੇਰ ਮੈਂ ਤੇ ਬਬਲੂ

ਏਸੇ ਤਰਾਂ ਤੇਰੀ ਗੋਦ 'ਚ ਪੈ ਕੇ

ਪਰੀਆਂ ਦੀਆਂ ਕਹਾਣੀਆਂ ਸੁਣਿਆਂ ਕਰਾਂਗੇ

ਤੇ ਜ਼ਿਕਰ ਛੇੜਿਆ ਕਰਾਂਗੇ

ਉਸ.....ਤਾਮੁਲੁਕ ਬਾਰੇ

ਜੋ ਕਦੀ.....ਤਾਮਰ ਲਿਪਤੀ ਹੋਇਆ ਕਰਦਾ ਸੀ

ਆਪਾਂ ਮਾਂ- ਕਿਤੇ ਦੂਰ ਚਲੇ ਜਾਵਾਂਗੇ

ਜਿੱਥੇ ਸਿਰਫ਼ ਪੰਛੀ ਰਹਿੰਦੇ ਨੇ

ਜਿੱਥੇ ਅਸਮਾਨ ਕੇਵਲ ਤੰਬੂ ਕੁ ਹੀ ਜੇਡਾ ਨਹੀਂ

ਜਿੱਥੇ ਦਰਖਤ ਲੋਕਾਂ ਵਰਗੇ ਨੇ

ਲੋਕ ਦਰਖਤਾਂ ਵਰਗੇ ਨਹੀਂ

ਮਾਂ ਤੂੰ ਗ਼ਮ ਨਾ ਲਾ

ਆਪਾਂ ਫੇਰ ਇਕ ਵਾਰ ਉਨ੍ਹਾਂ ਦਿਨਾਂ ਵੱਲ ਪਰਤ ਜਾਵਾਂਗੇ-

ਉੱਥੇ, ਜਿੱਥੋਂ ਸ਼ਹਿਰ ਦਾ ਰਸਤਾ

ਇਕ ਬਹੁਤ ਵੱਡੇ ਜੰਗਲ 'ਚੋਂ ਦੀ ਹੋ ਕੇ ਜਾਂਦਾ ਹੈ।

📝 ਸੋਧ ਲਈ ਭੇਜੋ