ਤੂੰ ਨੱਚਿਆ ਕਰ

ਤੂੰ ਨੱਚਿਆ ਕਰ

ਜਿਵੇਂ ਮੋਰਨੀ ਕਾਇਨਾਤ ਸਾਜਦੀ ਹੈ

ਜੋਗਣ ਘੁੰਮੇਰ ਬਣਦੀ ਹੈ

ਲਾਲ ਚੂੜੇ ਨੂੰ ਸਹੁਰੀੰ ਵਿਹੜੇ

ਗਿੱਧੇ ਨੂੰ ਲੋਹੜਾ ਆਉੰਦਾ ਹੈ

ਤੂੰ ਹੱਸਿਆ ਕਰ

ਜਿਵੇਂ ਨਵਾਂ ਦਿਨ ਚੜ੍ਹਦਾ ਹੈ

ਤੇਰੇ ਰੂਪ ਵਰਗਾ

ਫੁੱਲ ਖਿੜ੍ਹਦਾ ਹੈ ਪਹਿਲਾ

ਕੁਆਰੀ ਹਿੱਕ ਤੇ

ਤੂੰ ਟੁਰ

ਜਿਵੇਂ ਨਦੀ ਵਗਦੀ ਹੈ ਲਹਿਰਾਂ ਸੰਗ

ਸੱਪਣੀ ਸਿੱਖਦੀ ਹੈ ਮੇਲਣਾਂ

ਯਾਦਾਂ ਕੋਈ ਪਹਿਲਾ ਇਸ਼ਕ

ਫਿਰ ਨਾਲ ਤੁਰ ਪੈੰਦਾ ਹੈ ਉਂਗਲ ਫ਼ੜ ਕੇ

ਤੂੰ ਗਾਇਆ ਕਰ

ਜਿਵੇਂ ਪੋਟਿਆਂ ਨਾਲ ਰਬਾਬ ਗਾਉਂਦੀ ਹੈ

ਸੰਗੀਤ ਨਾਲ ਸੁਰਾਂ

ਖੇਤਾਂ ਮਿਰਜ਼ਾ

ਜਾਂ ਹੀਰ ਦੀ ਹੇਕ ਬਣ ਕੰਨ ਤੇ

ਤੂੰ ਪਹਿਨ ਮੈਂਨੂੰ

ਉਸ ਸੂਟ ਵਾਂਗ

ਜੋ ਸੋਹਣੇ ਦੇ ਕਹਿਣ ਤੇ ਪਹਿਨੀਦਾ

ਜੋ ਤੇਰੇ ਵਰਗਾ ਜਾਪਦਾ ਹੈ ਨਿਰਾ ਪੁਰਾ

ਤੂੰ ਮੈਂਨੂੰ ਚੇਤੇ ਵਸਾ

ਜਿਵੇਂ ਵਿਜੋਗ ਦੀ ਚੀਸ ਪਵੇ

ਸਾਹਾਂ ਨੂੰ ਰੱਖੀਦਾ ਰਗਾਂ 'ਚ

ਯਾਦ ਕਰੀ ਦਾ ਕਿਸੇ ਆਪਣੇ ਨੂੰ

ਠੋਡੀ ਹੇਠ ਅੰਗ਼ੂਠਾ ਰੱਖ

ਤੇ ਗੱਲਹ ਉੰਗਲੀ ਖੋਭ ਕੇ

ਤੂੰ ਪੜ੍ਹਿਆ ਕਰ ਮੈਂਨੂੰ

ਜਿਵੇਂ ਸੋਹਣੀ ਕਿਤਾਬ

ਵਾਰ ਵਾਰ ਪੜ੍ਹੀਦੀ ਹੈ

ਸਤਰਾਂ ਅੰਡਰ ਲਾਈਨ ਕਰ ਕੇ

ਫਿਰ ਦੁਬਾਰਾ ਸਫ਼ਾ ਥੱਲ ਥੱਲ

ਤੁੰ ਨਜ਼ਮ ਬਣ

ਜਿਵੇਂ ਸ਼ਾਇਰ ਨਾਲ ਵਸਦੀ ਹੈ ਉਹ

ਲਿਖਦੀ ਹੈ ਉਸਦਾ ਪਲ ਪਲ

ਹੰਢਾਉੰਦੀ ਹੈ ਜਿੰਦਗੀ ਦਾ ਹਰ ਦਿਨ

ਤੂੰ ਸਿਮਰਨ ਕਰਿਆ ਕਰ

ਜਿਵੇਂ ਇਸ਼ਕ ਦੀ ਪੀੜ੍ਹ ਜਾਗਦੀ ਹੈ

ਨੈਣਾਂ ਨੂੰ ਮਸਤੀ ਜਗ੍ਹਾਉੰਦੀ ਹੈ

ਕੱਚੇ ਕੁਆਰੇ ਅੰਗਾਂ ਨੂੰ

ਅੰਗੜਾਈਆਂ ਉਠਾਉੰਦੀਆਂ ਨੇ

ਸੌੰਇਆ ਕਰ ਏਦਾਂ

ਜਿਵੇਂ ਲੱਪ ਕੁ ਰੀਝਾਂ ਲੈ ਕੇ ਮੁੱਠਾਂ

ਸੁਪਨੇ ਸੁੱਖ ਮੰਗ ਨਾਲ ਸੁਆ ਕੇ

ਤੂੰ ਗੁਆਚਿਆ ਕਰ

ਜਿਵੇਂ ਮਹਿਬੂਬ ਦੇ ਵਿਛੋੜੇ ਦੀ

ਯਾਦ ਗੁੰਮੀਦਾ

ਤੂੰ ਮਿਲਿਆ ਕਰ

ਜਿਵੇਂ ਪਹਿਲਾ ਮਿਲਣ ਹੋਵੇ

ਚਾਹਤ ਮਿਲਦੀ ਹੈ ਸੁਹਾਗ ਰਾਤ ਨੂੰ

ਵਟਣੇ ਦਾ ਜਿਵੇਂ ਚਾਅ

ਕੁਆਰੇ ਅੰਗਾਂ ਨੂੰ ਚੜ੍ਹਦਾ ਹੈ

ਤੂੰ ਚੁੱਕ ਖਿਡਾਇਆ ਕਰ

ਜਿਵੇਂ ਕੋਈ ਨਵੀਂ ਧਰਤ ਵਹੁਟੀ

ਲਾਡਲੇ ਗੀਗੇ ਨੂੰ

ਭਰੀ ਡੁੱਲਦੀ ਹਿੱਕ ਤੇ ਖਿਡਾਉਂਦੀ ਹੈ

📝 ਸੋਧ ਲਈ ਭੇਜੋ