ਤੂੰ  ਤੁਰੇਂ ਜਾਂ ਤੇਰਾ ਖ਼ਿਆਲ ਤੁਰੇ

ਤੂੰ  ਤੁਰੇਂ ਜਾਂ ਤੇਰਾ ਖ਼ਿਆਲ ਤੁਰੇ

ਕੁਝ ਤਾਂ ਇਹ ਹੈ ਜੋ ਮੇਰੇ ਨਾਲ ਤੁਰੇ

ਨਾਲ ਉਸਦੇ ਸਮਾਂ ਵੀ ਤੁਰਦਾ ਹੈ

ਜੋ ਸਮੇਂ ਦੀ ਸਮਝ ਕੇ ਚਾਲ ਤੁਰੇ

ਉਸਨੂੰ ਤੁਰਨਾ ਸੰਭਲ ਕੇ ਪੈਣਾ ਹੈ

ਸੁਪਨਿਆਂ ਦਾ ਜੋ ਲੈ ਥਾਲ ਤੁਰੇ

ਲੋੜ ਛਾਂ ਦੀ ਉਦੋਂ ਨਹੀਂ ਰਹਿੰਦੀ

ਹੋ ਕੇ ਸੂਰਜ ਜਦੋਂ ਦਿਆਲ ਤੁਰੇ

ਰੌਸ਼ਨੀ ਤਾਂ ਮਿਲੇਗੀ ਉਸਨੂੰ ਹੀ

ਦੀਪ ਆਸਾਂ ਦੇ ਨਿੱਤ ਜੋ ਬਾਲ ਤੁਰੇ

📝 ਸੋਧ ਲਈ ਭੇਜੋ