ਟੁੰਡੀ ਮੁੰਡੀ ਲੂਲ੍ਹੀ ਲੰਗੜੀ ਅੰਨ੍ਹੀ ਮੂਰੀ ਕਾਣੀ ਨੂੰ
ਹਾਲੇ ਤੀਕਰ ਛੱਡਿਆ ਨਈਂ ਏ ਲੋਕਾਂ ਸੋਚ ਪੁਰਾਣੀ ਨੂੰ
ਜਿਹਦੇ ਹੱਥੋਂ ਦੇਸ਼ ਦੀ ਹਾਲਤ ਜੰਗਲ਼ੋਂ ਭੈੜੀ ਹੋ ਗਈ ਏ
ਬੂਥਾ ਟੱਡ ਕੇ ਫਿਰਦੀ ਵੇਖ ਸਿਆਸਤ ਬੰਦੇ ਖਾਣੀ ਨੂੰ
ਖ਼ੌਰੇ ਕਿੰਨੇ ਦਿਨ ਦਿਨਾਂ ਦੀ ਆਸ 'ਚ ਬੁੱਢੇ ਹੋ ਗਏ ਨੇ
ਖ਼ੌਰੇ ਕਦ ਤੋਂ ਤਰਸ ਰਹੀਆਂ ਨੇ ਸ਼ਾਮਾਂ ਸ਼ਾਮ ਸੁਹਾਣੀ ਨੂੰ
ਨੀਤੋਂ ਖੋਟੇ ਲੋਕਾਂ ਪਿੱਟੇ ਹਿਰਸਾਂ ਮਾਰੇ ਲੋਕਾਂ ਨੇ
ਦੇ ਛੱਡਿਆ ਏ ਦੇਸ਼ ਨਿਕਾਲਾ ਅੱਜਕੱਲ ਸੁੱਖ ਦੀ ਰਾਣੀ ਨੂੰ
ਚੰਗੀਆਂ ਭਲੀਆਂ ਅੱਖਾਂ ਨੂੰ ਜਦ ਸਾਡੇ ਫੱਟ ਨਈਂ ਦਿਸਣੇ ਨੇ
ਬੋਲ਼ੇ ਕੰਨਾਂ ਨੇ ਕੀ ਸੁਣਨਾ ਸਾਡੀ ਦਰਦ ਕਹਾਣੀ ਨੂੰ
ਚੇਤਰ ਰੁੱਤੇ ਟੋਟੇ ਕੀਤਾ ਦਿਲ ਨੂੰ ਚੇਤਰ ਵਰਗੀ ਨੇ
ਖ਼ੌਰੇ ਕਿਹੜਾ ਦੁੱਖ ਸੀ ਅੰਦਰੋਂ ਸਾਡੇ ਤੇ ਮਰਜਾਣੀ ਨੂੰ
ਵੇਖ ਵੇਖ ਕੇ ਹੱਸਣ ਵਾਲ਼ੇ ਬਹੁਤ ਨੇ ਜਗ ਵਿਚ ‘ਸੰਧੂ’ ਜੀ
ਸਮਝਣ ਵਾਲ਼ੇ ਘੱਟ ਨੇ ਏਥੇ ਅੱਖ 'ਚੋਂ ਵਗਦੇ ਪਾਣੀ ਨੂੰ