ਚਲੋ ਬਿਨ ਦਸਤਪੰਜੇ ਹੀ
ਵਿਦਾ ਹੋਈਏ
ਮੇਰਾ ਹੱਥ ਖ਼ੁਦਕੁਸ਼ੀ ਸਦਕਾ
ਰਸਮ ਤੋਂ ਮੁਕਤ ਹੈ
ਖ਼ੁਦਕੁਸ਼ੀ ਕੰਢੇ
ਮੈਂ ਹੱਥ ਨੂੰ ਪੁੱਛਿਆ ਸੀ
ਮੇਰੀ ਖ਼ਾਤਰ ਤੂੰ ਮੇਰੇ ਦੋਸਤਾਂ ਵੱਲ
ਦਸਤਪੰਜਾ ਬਣ ਕੇ ਵਧਦਾ ਸੈਂ
ਤੇਰੇ ਬਿਨ ਦੋਸਤੀ ਦਾ ਕੀ ਬਣੇਗਾ
ਤੇਰੀ 'ਥੇਲੀ ਤੇ ਹੁਣ ਤੀਕਰ ਲਿਖੀ
ਕਿਸਮਤ ਦੀ ਰੇਖਾ
ਮੇਰੇ ਬਿਨ ਏਸ ਨੂੰ ਕਿਹੜਾ ਜੀਏਗਾ
ਖ਼ੁਦਕੁਸ਼ੀ ਦੇ ਅਜ਼ਮ ਵਿਚ ਪੱਕੇ
ਮੇਰੇ ਹੱਥ ਨੇ ਕਿਹਾ
ਮੈਂ ਤੈਨੂੰ ਦੋਸਤੀ ਦੇ ਦੰਭ ਤੋਂ
ਮੁਕਤੀ ਦਿਆਂਗਾ
ਖ਼ੁਦਕੁਸ਼ੀ ਬਿਨ ਕੋਈ ਵੀ ਮੁਕਤੀ ਨਹੀਂ ਮੁਮਕਿਨ
ਅਪਣੇ ਤੋਂ ਪਹਿਲਾਂ
ਅਪਣੀ ਕਿਸਮਤ ਮਰਨ ਦੇ
ਕਿ ਤੈਨੂੰ ਜਾਚ ਆਵੇ ਬਿਕਿਸਮਤ ਜੀਣ ਦੀ
ਤੈਥੋਂ ਪਹਿਲਾਂ ਜੋ ਵੀ ਸੀ ਤੇਰੇ ਲਈ
ਮੈਂ ਆਪਣੇ ਨਾਲ ਉਸ ਨੂੰ ਦਫ਼ਨ ਕਰਦਾ ਹਾਂ
ਅਜਨਬੀ ਧੁੱਪੇ ਬਿਕਿਸਮਤ ਗੀਤ
ਆਪਣੀ ਛਾਂ ਆਪ ਸਿਰਜਣਗੇ
ਚਲੋਂ ਬਿਨ ਦਸਤਪੰਜੇ ਹੀ
ਵਿਦਾ ਹੋਈਏ
ਮੇਰਾ ਹੱਥ ਖ਼ੁਦਕੁਸ਼ੀ ਸਦਕਾ
ਰਸਮ ਤੋਂ ਮੁਕਤ ਹੈ