ਤੁਰ ਗਏ ਨੇ ਜੇ ਜਾਵਣ ਵਾਲੇ ਕੀ ਕਰੀਏ?
ਕਿਸਮਤ ਦੇ ਅੰਦਾਜ਼ ਨਿਰਾਲੇ ਕੀ ਕਰੀਏ?
ਸਾਰੇ ਘਰ ਨੂੰ ਜਿਨਹਾਂ ਰੋਸ਼ਨ ਕਰਨਾ ਨਈਂ,
ਏਹੋ ਜਿਹੇ ਮਜਬੂਰ ਉਜਾਲੇ ਕੀ ਕਰੀਏ?
ਇਕਲਾਪੇ ਨੇ ਰੂਹ ਵਿਚ ਡੇਰੇ ਲਾਏ ਨੇ,
ਰੌਲੇ ਨੇ ਜੇ ਆਲ ਦਵਾਲੇ ਕੀ ਕਰੀਏ?
ਸਾਡੇ ਤੇ ਸਭ ਜਜ਼ਬੇ ਪੱਥਰ ਹੋ ਗਏ ਨੇ,
ਸ਼ਾਮ-ਸਵੇਰੇ ਧੁੱਪਾਂ ਪਾਲੇ ਕੀ ਕਰੀਏ?
ਖ਼ਵਰੇ ਕਿੰਨਾਂ ਪੰਧ ਅਜੇ ਤਕ ਬਾਕੀ ਏ,
ਪੈਰਾਂ ਦੇ ਵਿਚ ਪੈ ਗਏ ਛਾਲੇ ਕੀ ਕਰੀਏ?
ਸਾਡੀ ਪਿਆਸ ਤੇ ਹੋਰ ਵਧਾਈ ਬੱਦਲਾਂ ਨੇ,
ਭਰ ਗਏ ਨੇ ਜੇ ਦਰਿਆ, ਨਾਲੇ, ਕੀ ਕਰੀਏ?
ਸਾਡੀ ਸਾਂਝ 'ਸਲੀਮ' ਜੀਹਦੇ ਨਾਲ ਪੈ ਗਈ ਏ,
ਜੇ ਉਹ ਸਾਡੀ ਪੱਗ ਉਛਾਲੇ ਕੀ ਕਰੀਏ?