ਤੁਰ ਜਾਵਾਂਗਾ ਮੈਂ
ਰਾਤ ਵਾਂਗ ਬੇਆਵਾਜ਼
ਪੋਲੇ ਪੈਰੀਂ ਸੁਫ਼ਨਿਆਂ ਵਾਂਗ
ਮਸਾਂ ਅੱਥਰੂ ਦੇ ਕਿਰਨ ਜਿੰਨਾ
ਖੜਾਕ ਹੋਵੇਗਾ - - -
ਮੈਂ ਆਪਣੇ ਹਉਕੇ
ਹਵਾਵਾਂ ਚ ਰਲਾ ਦਿਆਂਗਾ
ਤਪਸ਼
ਸੂਰਜ ਨੂੰ ਸੌਂਪ ਦਿਆਂਗਾ
ਸੁਫ਼ਨੇ
ਜੁਗਨੂੰਆਂ ਤਾਰਿਆਂ ਚ ਵੰਡ ਦਿਆਂਗਾ
ਤੇ ਉਹ ਅਸੀਸਾਂ
ਜੋ ਮੇਰੀ ਮਾਂ ਨੇ ਦਿੱਤੀਆਂ ਸੀ ਮੈਨੂੰ ਕਦੇ
ਧੁੱਪੇ ਖਲੋਤੇ ਬਿਰਖਾਂ ਨੂੰ ਅਰਪ ਦਿਆਂਗਾ
ਸ਼ਾਂਤ ਹੋ ਜਾਵਾਂਗਾ
ਪਾਣੀ ਜਿਵੇਂ
ਨੀਵੀਂ ਥਾਂ ਟਿਕ ਜਾਂਦਾ ਹੈ
ਮਲਕੜੇ ਜਿਹੇ
ਜਿਵੇਂ ਆਕਾਸ਼ ਚ ਫੈਲ ਜਾਂਦੇ ਨੇ ਸੱਤੇ ਰੰਗ
ਤੇ ਫਿਰ
ਖਿੰਡ ਪੁੰਡ ਜਾਵਾਂਗਾ
ਜਿਵੇਂ ਸੀ ਹੀ ਨਹੀਂ ਕਦੇ
ਤੁਰ ਜਾਵਾਂਗਾ ਮੈਂ