ਟੁਰ ਪਈ ਆਪ ਸਈਆਦਾਂ ਪਿੱਛੇ
ਕਮਲੀ ਅੱਖ ਜਲਾਦਾਂ ਪਿੱਛੇ
ਬੰਦਾ ਅੱਪੜ ਜਾਂਦਾ ਏ ਦੱਸ
ਕਿੱਥੋਂ ਤੀਕ ਔਲਾਦਾਂ ਪਿੱਛੇ
ਜਾ ਕੇ ਵੇਖੋ ਚੰਦੇ ਵਾਲ਼ਾ
ਹੱਥ ਜੇ ਯਾਰ ਫ਼ਸਾਦਾਂ ਪਿੱਛੇ
ਕਸਮੇਂ ਕੀ ਕੀ ਕਰ ਛੱਡਦੀ ਏ
ਭੀੜੀ ਜੇਬ ਸਵਾਦਾਂ ਪਿੱਛੇ
ਮੂੰਜੀ ਵੇਚ ਕਪਾਵ੍ਹਾਂ ਗੱਡੀਆਂ
ਵਿਕ ਗਈ ਕਣਕ ਕਮਾਦਾਂ ਪਿੱਛੇ
ਕਦਰਾਂ ਦੀ ਵੀ ਕਦਰ ਨਾ ਕੀਤੀ
ਬੇਕਦਰੇ ਬੇਦਾਦਾਂ ਪਿੱਛੇ
‘ਸੰਧੂ’ ਅੱਜ ਤੱਕ ਵਾਂਗ ਬਲਾਵਾਂ
ਪਈਆਂ ਨੇ ਕੁਝ ਯਾਦਾਂ ਪਿੱਛੇ