ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਸੂਰਜ ਸਾਡੇ ਸਿਰਾਂ ਦਾ, ਦਿਲਦਾਰ ਕਦੀਮੀ।

ਬਿਰਖਾਂ ਵਾਂਗੂੰ ਝੂੰਮਦਾ, ਕੁੱਲ ਗਗਨ ਹੀ ਡੋਲੇ 

ਪੌਣਾਂ ਵਾਂਗੂੰ ਹੁੱਲਦਾ, ਦਰਿਆਵਾਂ ਕੋਲੇ– 

ਉਡਦਾ ਤਾਰੂ ਗਗਨ ਦਾ, ਉਹ ਬਾਜ਼ ਕਦੀਮੀ 

ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਸ਼ਹੁ ਦਰਿਆ ਦਾ ਮਾਣ ਹੀ, ਪਿਆ ਝੁਲਦਾ ਆਵੇ 

ਬੇਲੇ ਖੜੇ ਉਡੀਕਦੇ, ਘੁੱਟ ਭਰਦਾ ਜਾਵੇ -

ਉਹ ਖੜਾ ਬੁਲਾਵੇ ਦਰਾਂ 'ਤੇ, ਮੈਂ ਬਾਤ ਨਾਂਹ ਕੀਨੀ 

ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਤੁਰਦਾ ਮਾਹੀ ਸਾਂਵਰਾ, ਤਕ ਝੂੰਮਣ ਰਾਹਾਂ 

ਵਤਨਾਂ ਨੂੰ ਨਾਂਹ ਜਾਂਦੀਆਂ, ਪਰਦੇਸੀ ਵਾਵਾਂ- 

ਸੋਹਣੇ ਯਾਰ ਨੂੰ ਤਕਦੀਆਂ, ਕਰ ਨਜ਼ਰ ਹਲੀਮੀ 

ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਮੱਝਾਂ ਦਾ ਵਗ ਆਂਵਦਾ, ਹੱਸ ਮਾਹੀ ਖੇਲੇ 

ਕੂੰਜਾਂ ਦੀ ਸੱਦ ਦੂਰ ਤੋਂ, ਭਰ ਦੇਵੇ ਬੇਲੇ 

ਪਰਬਤ ਵਲੋਂ ਆਂਵਦੀ, ਕਦੇ ਸਾਲ ਮਹੀਨੀ 

ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਮੈਂ ਖੜੀ ਉਡੀਕਾਂ ਕੰਢੜੇ, ਕੋਈ ਫੇਰਾ ਪਾਵੇ 

ਸ਼ਾਹ ਕੇਸਾਂ ਦੇ ਹੜ੍ਹਾਂ ਨੂੰ, ਉਹ ਲੰਘਦਾ ਜਾਵੇ- 

ਮੈਂ ਪੁੱਛਾਂ ਸੋਹਣੇ ਯਾਰ ਤੋਂ, ਕਿਉਂ ਸਾਰ ਨਾਂਹ ਲੀਨੀ— 

ਤੁਰਦਾ ਆਏ ਲਟਕੰਦੜਾ, ਮੇਰਾ ਯਾਰ ਕਦੀਮੀ।

ਸੂਰਜ ਸਾਡੇ ਸਿਰਾਂ ਦਾ, ਦਿਲਦਾਰ ਕਦੀਮੀ।

📝 ਸੋਧ ਲਈ ਭੇਜੋ