ਟੁਰਦਾ-ਟੁਰਦਾ ਨੀਂਦਰ ਮਾਣੇ, ਅਜ ਕੱਲ ਦਾ ਹਰ ਬੰਦਾ

ਟੁਰਦਾ-ਟੁਰਦਾ ਨੀਂਦਰ ਮਾਣੇ, ਅਜ ਕੱਲ ਦਾ ਹਰ ਬੰਦਾ ।

ਖ਼ਾਬਾਂ ਦੇ ਹੈ ਉਣਦਾ ਤਾਣੇ, ਅਜ ਕੱਲ ਦਾ ਹਰ ਬੰਦਾ ।

ਪਿਆਰ, ਮੁਹੱਬਤ, ਉਲਫ਼ਤ ਵਾਲੇ, ਸਾਰੇ ਬੂਹੇ ਢੋਹ ਕੇ ।

ਆਪਣੇ ਆਪ ਨੂੰ ਕੱਲਾ ਜਾਣੇ, ਅਜ ਕੱਲ ਦਾ ਹਰ ਬੰਦਾ ।

ਗਲੀਆਂ ਵਿੱਚ ਖਲੋਤੇ ਲੋਕੀ ਸ਼ੱਕ ਦੀ ਵਿਸ਼ ਪਏ ਘੋਲਣ,

ਫਨੀਅਰ ਵਾਂਗ ਏ ਦੂਜੇ ਭਾਣੇ, ਅਜ ਕੱਲ੍ਹ ਦਾ ਹਰ ਬੰਦਾ ।

ਬੰਨੇ ਲੱਗਦੀ ਦਿਸਦੀ ਨਾਹੀਂ ਐਟਮ ਦੌਰ ਦੀ ਬੇੜੀ,

ਡੁੱਬ ਨਾ ਜਾਵੇ ਸੰਗ ਮਹਾਣੇ, ਅਜ ਕੱਲ ਦਾ ਹਰ ਬੰਦਾ ।

ਵਾਂਗ ਪਹਾੜਾਂ ਜਾਪਣ ਜਿਹੜੇ ਅਸਲੋਂ ਸਨ ਗਿਠਮੁਠੀਏ,

ਬਦਲੇ ਕੀ ਕੀ ਚੋਲੇ ਬਾਣੇ, ਅਜ ਕੱਲ ਦਾ ਹਰ ਬੰਦਾ ।

ਦਰ ਇੱਕੋ ਦਾ ਹੋ ਜਾਵੇ ਤੇ ਝੇੜੇ ਸਾਰੇ ਮੁੱਕਣ,

ਦਰ-ਦਰ ਦੀ ਪਿਆ ਮਿੱਟੀ ਛਾਣੇ, ਅਜ ਕੱਲ ਦਾ ਹਰ ਬੰਦਾ ।

📝 ਸੋਧ ਲਈ ਭੇਜੋ