ਤੁਰੀ ਤਾਂ ਬਸੰਤ ਵੇਖਣ

ਤੁਰੀ ਤਾਂ ਬਸੰਤ ਵੇਖਣ ਸੀ, ਸਾਹ ਮਿਲ਼ ਪਏ।

 ਰਾਹਾਂ ’ਚ ਕੁਦਰਤ ਰੱਖੇ ਸੀ, ਤਿਲ਼-ਤਿਲ਼ ਪਏ।

 ਕੁਝ ਪਿੱਪਲ਼ਾਂ ਦੀ ਟਾਹਣੀਆਂ, ਕੁਝ ਲਮਕੇ ਕਰੂੰਬਲ਼ੀਆਂ।

 ਪੱਤੇ ਲੱਗੇ ਜਦ ਪੈਰਾਂ ਨਾਲ਼, ਤਨ ਹਿਲ ਗਏ।

 ਨਾਲ਼ ਤ੍ਰੇਲ਼ਾਂ ਨ੍ਹਾਤੇ ਸੀ, ਦਿਲ ਮੰਗ ਗਏ।

 ਪਿਆਰ ਨਾਲ ਗਲ ਲੱਗੇ, ਤੇ ਅਗਾਂਹ ਲੰਘ ਗਏ।

 ਦੂਜੇ ਪਾਸੇ ਬੋਹੜ ਵੀ, ਮੈਨੂੰ ਖੜ੍ਹਾ ਨਿਹਾਰੀ ਜਾਵੇ।

 ਮੇਰੀ ਰਜ਼ਾ ਨਾ ਪੁੱਛੇ, ਐਵੇਂ ਜਿੰਦ ਬਲਿਹਾਰੀ ਜਾਵੇ।

 ਨਿੰਮ ਨੂੰ ਪਤਾ ਨਹੀਂ ਕੀ ਸੁੱਝੀ,ਆਣ ਵਿਚੋਲੀ ਬਣੀ।

 ਸਾਹਾਂ ਦੇ ਪਰਦੇ ਕੱਜ ’ਤੇ, ਮਲ੍ਹਮ ਘੋਟ ਕੇ ਤਣੀ।

 ਸਾਹਾਂ ਲੰਗਰ ਲਾ ਦਿੱਤੇ, ਨੱਚ-ਨੱਚ ਕਮਲ਼ੇ ਹੋਏ।

 ਹੋਂਦ ਗੁਆਚਣ ਲੱਗੀ ਸੀ, ਜੀਅ ਉੱਠੇ ਹਾਂ ਮੋਏ।

 ਦੂਜੇ ਪਾਸੇ ਕਿੱਕਰ ਸੋਚੇ, ਕੋਈ ਉਸ ਵੱਲ ਆਵੇ।

 ਤੁਕਲੇ ਉਸ ਦੇ ਲੈ ਜਾਵੇ, ਤੇ ਨਹਿਰਾਂ ਕੰਢੇ ਲਾਵੇ।

 ਉਸਦੀ ਡੁੱਬਦੀ ਬੇੜੀ ਨੂੰ, ਕੋਈ ਤਾਰੂ ਬੰਨੇ ਲਾਵੇ।

 ਧਰਮੀ ਕੁੱਖ ਦਾ ਜਾਇਆ, ਉਸ ਦੀ ਹੋਂਦ ਬਚਾਵੇ।

 ਪਹਿਲਾਂ ਜਿੰਨਾਂ ਹੱਸੀ ਮੈਂ, ਹੁਣ ੳਨੇ ਅੱਥਰੂ ਆਏ।

 ਕਰ ਕੁਦਰਤ ਨਾਲ ਪਿਆਰ, ਡਾਢੇ ਇਸ਼ਕ ਲੜਾਏ।

ਹੁਣ ਮੈਂ ਇਹਨਾਂ ਚਹੁੰਆਂ ਦੇ, ਬੱਚਿਆਂ ਦੀ ਹਾਂ ਮਾਂ।

 ਰੁੱਖ ਖੜ੍ਹੇ ਨੇ ਸਾਮ੍ਹਣੇ, ਗੱਲਾਂ ਕਰਦੀ ਹਾਂ ਤਾਂ।

 ਪੱਤੇ ਖੜਕੇ ਵੇਖਾਂ ਮੈਂ, ਬੱਚੇ ਵਿਹੜੇ ਵਿੱਚ ਖੜ੍ਹੇ ਨੇ।

 ਅਵਾਜ਼ਾਂ ਮਾਰੀ ਜਾਂਦੇ, ਸ਼ਰਾਰਤੀ, ਲੱਗਦਾ ਮੈਨੂੰ ਲੜੇ ਨੇ।

 ਰੂਹ ਪਵਿੱਤਰ ਵੇਖ ਸਰਬ ਨੇ, ਕੁਦਰਤ ਨਾਲ ਯਾਰੀ ਲਾਈ।

 ਲਾ ਅਸਾਂ ਨੇ ਤੋੜ ਨਿਭਾਉਣੀ, ਚਾਹੇ ਲੋਕ ਕਹਿਣ ਹਰਜਾਈ।

📝 ਸੋਧ ਲਈ ਭੇਜੋ