ਜਿਹੜਾ ਰਸਤਾ ਮੈਂ ਲੰਘ ਆਈ
ਉਹੀਓ ਰਸਤਾ ਮੈਥੋਂ ਅੱਗੇ ਨਿਕਲ ਗਿਆ ਹੈ
ਸ਼ਾਮ ਪਈ ਮੈਂ ਦੋ ਘੜੀਆਂ ਹੀ ਉਂਘਲਾਈ ਸਾਂ
ਪੈਰਾਂ ਹੇਠੋਂ ਸਰਕ ਗਿਆ ਰਸਤਾ ਤੈਅ ਕੀਤਾ
ਰੱਬਾ ਮੈਨੂੰ ਅਜ ਤੋਂ ਬਾਅਦਾਂ ਨੀਂਦ ਨਾ ਆਵੇ
ਮੇਰਾ ਤੁਰਿਆ ਮੁੜ ਨਾ ਅਣਤੁਰਿਆ ਹੋ ਜਾਵੇ
ਅਗ ਜਦੋਂ ਧੁਰ ਅੰਦਰ ਤੀਕਣ ਪਹੁੰਚ ਗਈ ਤਾਂ
ਸੜਦੇ ਕੰਧ ਪਿਛਵਾੜੇ ਨੂੰ ਸੰਨ੍ਹ ਲਾ ਕੇ
ਸਾਰੇ ਘਰੋਂ ਨਿਕਲ ਪਏ
ਪਤਾ ਨਾ ਲੱਗੇ
ਸਾਨੂੰ ਜਾਂ ਸਾਡੇ ਘਰ ਨੂੰ ਬਹੁਤੀ ਅੱਗ ਲੱਗੀ
ਇਕ ਦੂਜੇ ਨੂੰ ਵਾਜਾਂ ਦੇਂਦੇ
ਇਕ ਦੂਜੇ ਤੋਂ ਪਹਿਲਾਂ ਸਾਰੇ ਸੰਨ੍ਹ 'ਚੋਂ ਨਿਕਲੇ
ਅਪਣੇ ਅਪਣੇ ਚੋਰ
ਅੰਨ੍ਹੇ ਦਰਿਆ ਵਾਂਗ ਸ਼ੂਕਦਾ ਰਸਤਾ ਵੱਗੇ
ਬੱਚੇ ਬੁੱਢੇ ਸਭ ਇਕ ਤੋਰੇ ਰੁੜ੍ਹਦੇ ਜਾਂਦੇ
ਇਕ ਦੂਜੇ ਤੋਂ ਟੁੱਟੇ ਵਿਛੜੇ
ਏਸ ਰੋੜ੍ਹ ਵਿਚ ਕੌਣ ਕਿਸੇ ਦਾ ਸਾਥੀ
ਨਦੀ ਪਹਾੜੀ ਦੇ ਵਿਚ ਡੁੱਲ੍ਹਾ ਟੱਬਰ ਖੇਰੂੰ ਖੇਰੂੰ ਹੋ ਕੇ
ਮਾਂ ਦੇ ਹੱਥੋਂ ਮੈਂ ਕਦ ਟੁੱਟੀ
ਮੇਰੇ ਹੱਥੋਂ ਵੀਰਾ
ਕਿਸ ਪਰਦੇਸੀ ਪੱਤਣ ਕਿਸ ਨੇ ਕਦੋਂ ਪਹੁੰਚਣਾ
ਕਿਸ ਨੇ ਵਿਚੋਂ ਹੀ ਖੁਰ ਜਾਣਾ
ਇਸ ਦਾ ਕੁਝ ਵੀ ਪਤਾ ਨਹੀਂ ਸੀ
ਏਸ ਧਾਰ ਦੇ ਆਡੇ ਰੁਖ਼ ਇਕ ਕੈਂਚੀ ਚਲਦੀ
ਅਪਣੇ ਜੋਗਾ ਕੱਟ ਕਤਰ ਲੈ ਜਾਵੇ
ਮੈਂ ਵੀ ਕੈਂਚੀ ਕਾਟ 'ਚ ਫਾਥੀ
ਅੰਗਿਆਰੇ ਪੈਰਾਂ ਦੀ ਤਿੱਖੀ ਤੋਰੇ ਤੁਰਦੀ
ਓਥੇ ਪਹੁੰਚੀ ਜਿੱਥੇ ਸ਼ਾਮੀਂ ਰੋਜ਼
ਆਪਣੇ ਰਾਂਝੇ ਨੂੰ ਮਿਲਦੀ ਸਾਂ
ਕੀ ਮੈਂ ਏਸ ਕਿਆਮਤ ਦਿਨ ਵੀ
ਅੱਬਾ ਅੰਮਾ ਤੋਂ ਚੋਰੀ ਰਾਂਝਣ ਨੂੰ ਮਿਲਣ ਆ ਗਈ ?
ਤੋਬਾ ! ਤੋਬਾ!!
ਮੇਰੇ ਜੇਹੀਆਂ ਹੋਰ ਵੀ
ਕੈਂਚੀ-ਕਾਟ 'ਚ ਫਸੀਆਂ ਰੋਵਣ ਪਈਆਂ
ਗਿੱਲੀਆਂ 'ਵਾਜਾਂ ਮਾਰ ਕੇ ਮਾਵਾਂ ਤਾਈਂ ਬੁਲਾਵਣ
ਮਾਵਾਂ ਰੁੜ੍ਹੀਆਂ ਪਤਾ ਨਹੀਂ ਕਿਥੇ ਤੁਰ ਗਈਆਂ
ਏਸ ਧਾਰ ਦੇ ਚੜ੍ਹਦੇ ਰੁਖ਼ ਕੋਈ ਆ ਨ ਸੱਕੇ
ਅੱਗ ਜਦੋਂ ਬੰਕਰ ਦੇ ਧੁਰ ਅੰਦਰ ਤਕ ਪਹੁੰਚੀ
ਵੱਖੀ ਨੂੰ ਸੰਨ੍ਹ ਲਾ ਕੇ ਸਾਰੇ ਫੇਰ ਨਿਕਲ ਪਏ
ਰਾਤ ਬਰਾਤੇ ਤੁਰੇ ਸਫ਼ਰ 'ਤੇ ਮੁੜ ਕੇ
ਆਪੋ ਆਪਣੇ ਤਨ ਨੂੰ ਸੰਨ੍ਹ ਲਵਾ ਕੇ
ਵੱਢੀ ਵੱਖੀ ਥਾਣੀ ਕਿਸ ਨੇ ਮੇਰੇ ਅੰਦਰ
ਕੌੜੇ ਕੋਲੇ ਬਾਲ ਧਰੇ ਸਨ ?
ਅੰਦਰ ਡੰਗਾਂ ਦੀ ਖੇਤੀ ਸੀ
ਲਗਦੈ ਜੀਉਂਦੇ ਬਿੱਛੂਆਂ ਦੇ ਗੁੱਛੇ ਦੇ ਗੁੱਛੇ
ਅਣਚਿੱਥੇ ਮੈਂ ਸੰਘੋਂ ਹੇਠ ਲੰਘਾਏ
ਆਪਣੇ ਪਿੰਡੇ ਵਿਚ ਅਜਨਬੀ ਸੂਰਜ ਰਿੱਝੇ
ਇੱਕੋ ਅਲਫ਼ ਦੁਪਹਿਰ ਬਚੀ ਹੈ
ਪੂਰਬ ਪੱਛਮ ਮਰ ਚੁੱਕੇ ਨੇ
ਗੁੰਝਲੋਂ ਗੁੰਝਲ ਰਸਤੇ ਦਾ ਉਰਵਾਰ ਪਾਰ ਨਾ ਕੋਈ
ਉਹੋ ਪੁਰਾਣਾ ਰਿਝਦੇ ਦਰਿਆ
ਵਾਂਗ ਸ਼ੂਕਦਾ ਸਾਡਾ ਰਸਤਾ
ਉਹੋ ਧਾਰ ਤੇ ਆਡੇ ਰੁਖ਼ ਇਕ ਕੈਂਚੀ ਚਲਦੀ
ਹਰ ਦਿਨ ਸੰਨ੍ਹ ਲੁਆ ਕੇ
ਸੰਨ੍ਹਾਂ ਵਿਚੋਂ ਲੰਘੀਏ
ਅੰਮਾਂ ਦੀ ਆਵਾਜ਼ ਦੂਰ ਰੁੜ੍ਹਦੀ ਜਾਂਦੀ ਹੈ
ਅਪਣੇ ਜੋਗਾ ਆਪੇ ਚੁਣਿਆ ਸਾਥੀ
ਮਿਧ-ਮਧੋਲੇ ਵਿਚ ਗੁਆਚਾ
ਹੁਣ ਸਾਡੇ ਉਰਵਾਰ ਪਾਰ
ਆਵਾਜ਼ ਪਹੁੰਚ ਨਹੀਂ ਸਕਦੀ
ਜਿਹੜਾ ਰਸਤਾ ਮੈਂ ਲੰਘ ਆਈ
ਉਹੀਓ ਰਸਤਾ ਤੈਅ ਕਰਨਾ ਹੈ
ਵੱਢੀ ਵੱਖੀ ਦੇ ਵਿਚ
ਕੌੜਾ ਬਲਦਾ ਬੁੱਥਾ ਹੋਰ ਬਾਲਣਾ
ਜੀਉਂਦੇ ਬਿੱਛੂ ਮੁੜ ਕੇ ਖਾਣੇ
ਰੱਬਾ ਮੈਨੂੰ ਅੱਜ ਤੋਂ ਬਾਅਦਾਂ ਨੀਂਦ ਨ ਆਵੇ
ਤੁਰਿਆ ਰਸਤਾ ਮੁੜ ਕੇ ਪਵੇ ਨ ਤੁਰਨਾ