ਤੁਸਾਂ ਢਾਹਿਆ ਤਾਂ ਹੈ ਪਰ

ਤੁਸਾਂ ਢਾਹਿਆ ਤਾਂ ਹੈ ਪਰ ਮੁੜ ਅਸੀਂ ਇਹ ਘਰ ਬਣਾਵਾਂਗੇ । 

ਤੁਸੀਂ ਦੇਖੋਗੇ ਪਹਿਲਾਂ ਤੋਂ ਕਿਤੇ ਬਿਹਤਰ ਬਣਾਵਾਂਗੇ । 

ਉਹ ਸ਼ੁਹਦਾ ਬਿਰਖ ਸਾਡਾ ਹੋਣ ਤੋਂ ਇਨਕਾਰ ਕਰਦਾ ਹੈ, 

ਅਸੀਂ ਵੀ ਆਲ੍ਹਣਾ ਉਸ ਬਿਰਖ ਤੇ ਕਿਉਂਕਰ ਬਣਾਵਾਂਗੇ।

ਅਸਾਂ ਨੂੰ ਵੇਖ ਕੇ ਪਾਈਆਂ ਤੁਸਾਂ ਮਸਤਕ ਤੇ ਜੋ ਲੀਕਾਂ, 

ਅਸੀਂ ਉਹਨਾਂ ਤੋਂ ਆਪਣੀ ਪੀੜ ਦਾ ਚਿੱਤਰ ਬਣਾਵਾਂਗੇ। 

ਜਦੋਂ ਮਹਿਕਾਂ ਹੀ ਅਹਿਸਾਸਾਂ ਨੂੰ ਜ਼ਖ਼ਮੀ ਕਰਨ ਤੁਰ ਪਈਆਂ, 

ਅਸੀਂ ਜ਼ਾਹਿਰ ਹੈ ਆਪਣੇ ਆਪ ਨੂੰ ਪੱਥਰ ਬਣਾਵਾਂਗੇ । 

ਜਦੋਂ ਪੁੱਛਿਆ ਕਿਸੇ ਸਾਨੂੰ ਕਿ ਦੱਸੋ ਜ਼ਿੰਦਗੀ ਕੀ ਹੈ

ਅਸੀਂ ਇੱਕ ਸਾਫ਼ ਕਾਗ਼ਜ਼ ਤੇ ਕਈ ਚੱਕਰ ਬਣਾਵਾਂਗੇ । 

ਬਹਾਨੇ ਓਸ ਦੇ  'ਕੇਸ਼ੀ' ਅਸੀਂ ਖ਼ੁਦ ਨੂੰ ਹੀ ਪੂਜਾਂਗੇ, 

ਖ਼ੁਦਾ ਨੂੰ ਤਾਂ ਅਸੀਂ ਕੇਵਲ, ਖ਼ੁਦਾ ਮਾਤਰ ਬਣਾਵਾਂਗੇ।

📝 ਸੋਧ ਲਈ ਭੇਜੋ