ਤੁਸੀਂ ਜਾਗਿਓ
ਨੌਜਵਾਨੋ ਬੱਚਿਓ ਬੁੱਢਿਓ
ਜੇ ਕੋਈ ਜੀਉਂਦਾ ਬਚਿਆ ਹੋਇਆ ਤਾਂ
ਜੀਉਂਣ ਚ ਹੀ ਜ਼ਿੰਦਗੀ ਹੁੰਦੀ ਹੈ
ਜੂਝਣ ਚ ਹੀ ਜਿੱਤ
ਟੇਢੇ ਮੂਹਰੇ ਅੜ੍ਹਨ ਵਾਲੇ
ਰੁੱਖ ਨਹੀਂ ਵੱਡੇ ਜਾਂਦੇ ਕਦੇ
ਨਾ ਸਿੱਧੇ ਰੁੱਖ ਛਾਂ ਦੇਣ ਜੋਗੇ
ਜੈਸ ਮੈਨਾਂ ਚ
ਹੀ ਦਰਬਾਰਾਂ ਦੇ
ਜੀਅ ਹਜ਼ੂਰੀਏ ਹੁੰਦੇ ਹਨ
ਬਿਨ ਸਾਹਾਂ ਤੋਂ ਫਿਰਦੇ
ਪੁੱਛ ਕੇ ਦਿਨ ਕੱਟਦੇ
ਉਧਾਰੇ ਜੇਹੇ ਦਿਨ ਹੁੰਦੇ ਨੇ ਇਹਨਾਂ ਕੋਲ
ਪਹੀਏ ਵੀ ਨਹੀਂ ਆਪਣੇ ਇਹਨਾਂ ਦੇ
ਉਧਾਰੀ ਵੀ ਕੋਈ ਜ਼ਿੰਦਗੀ ਹੁੰਦੀ
ਓਦਾਂ ਤਾਂ ਕਈ
ਜਿਉਂਦੀਆਂ ਲਾਸ਼ਾਂ ਘੁੰਮ ਰਹੀਆਂ ਹਨ
ਉਹਨਾਂ ਨਾਲ ਨਾ ਗੱਲ ਕਰਿਓ
ਉਹ ਤੁਹਾਨੂੰ ਵੀ ਰੋਕ ਲੈਣਗੇ
ਰਾਹ ਵਿਚ
ਪਰ ਤੁਸੀਂ ਤੁਰੇ ਆਇਓ
ਰੁਕਿਆ ਨਾ
ਮੈਂ ਤੁਹਾਡੇ ਰਾਹ ਚ ਸਿਤਾਰੇ
ਜੁਗਨੂੰ ਵਿਛਾਉਂਦਾ ਆਵਾਂਗਾ
ਉੱਚੀ ਜਗ੍ਹਾ ਤੇ
ਚੰਦ ਨੂੰ ਹੱਥ ਚ ਫੜਕੇ
ਖੜਾ ਹੋਵਾਂਗਾ
ਤੁਸੀਂ ਰਾਜੇ ਦੇ ਫੌਜੀਆਂ ਤੋਂ ਬਚਦੇ
ਲੁਕ ਛਿਪ ਕੇ
ਜੰਗਲ ਵਿਚ ਦੀ
ਨਦੀ ਰਾਹੀਂ
ਸਿੱਧੇ ਤੁਰੇ ਆਇਓ
ਮੈਂ ਵਾਰ ਵਾਰ ਚੰਦ ਨੂੰ
ਜਗਾਉਂਦਾ ਬੁਝਾਉਂਦਾ ਰਹੂੰਗਾ
ਪਿੰਡਾਂ
ਸ਼ਹਿਰਾਂ ਦੇ ਸਾਰੇ ਜਾਗਦੇ
ਜਾਂ ਜਾਗਣ ਜੋਗੇ ਲੋਕਾਂ ਨੂੰ
ਨਾਲ ਲਈ ਆਈਓ
ਆਪਾਂ ਕੱਠੇ ਹੋਵਾਂਗਾ
ਤੇ ਜ਼ੰਜੀਰਾਂ
ਪੱਥਰਾਂ ਨੂੰ
ਹਥਿਆਰ ਬਣਾਵਾਂਗੇ
ਹਥਿਆਰਬੰਦ ਹੋਵਾਂਗੇ ਹੱਕ ਲੈਣ ਲਈ
ਕਿਉਂਕ ਹੱਕ ਕੰਧ ਤੇ ਨਹੀਂ ਪਏ ਹੁੰਦੇ
ਖੋਹਣੇ ਪੈਂਦੇ ਹਨ
ਹਥੇਲੀਆਂ ਦੀਆਂ ਲਕੀਰਾਂ ਚ
ਨਹੀਂ ਲਿਖੇ ਹੁੰਦੇ ਹੱਕ