ਮੇਰੇ ਯਾਰੋ!
ਤੁਸੀਂ ਕੁਝ ਵੀ ਕਰਨਾ
ਪਰ ਮੇਰੇ ਜਿਹਾ ਕੁਝ ਵੀ ਨਾ ਕਰਨਾ
ਤੁਸੀਂ ਕਿਸੇ ਰੈਸਟੋਰੈਂਟ 'ਚ ਬਹਿ
ਚਾਰ ਵੱਧ ਰਸਗੁੱਲੇ ਖਾ ਲੈਣਾ
ਜਾਂ ਫਿਰ ਯਾਰਾਂ 'ਚ ਬਹਿ ਕੇ
ਖਿੱਚ ਲੈਣਾ ਸਿਗਰਟ ਦੇ ਹੋਰ ਲੰਬੇ ਕਸ਼
ਤੁਸੀਂ ਦੋ ਹੋਰ ਮਾਰ ਲੈਣਾ
ਸੁੱਖਣਾ ਝੀਲ ਦੇ ਚੱਕਰ
ਤੁਸੀਂ ਰੱਜ ਕੇ ਕਰ ਲੈਣਾ
ਰਾਹ ਜਾਂਦੀਆਂ ਕੁੜੀਆਂ ਨੂੰ ਟਿਚਕਰ
ਦੋ ਚਾਰ ਨਹੀਂ, ਦਸ ਵਾਰ ਵੇਖ ਲੈਣਾ
ਬੌਬੀ ਜਿਹੀ ਪਿਕਚਰ
ਚਾਹੇ ਕਿੰਨੇ ਵੀ ਪੜ੍ਹ ਲੈਣਾ
ਗੁਲਸ਼ਨ ਨੰਦਾ ਦੇ ਨਾਵਲ
ਪਰ ਇੱਕ ਗੱਲ ਭੁੱਲ ਕੇ ਵੀ ਨਾ ਕਰਨਾ
ਤੁਸੀਂ ਉਸ ਕੁੜੀ ਦੀ ਗੱਲ ਦਾ
ਭੋਰਾ ਵੀ ਇਤਬਾਰ ਨਾ ਕਰਨਾ
ਜਿਸਦੇ ਪੈਰਾਂ 'ਚ ਪਾਟੀਆਂ ਬਿਆਈਆਂ ਨਾ ਹੋਣ
ਜਿਸਦੇ ਹੱਥਾਂ ਤੇ ਕਮਾਏ ਅੱਟਣ ਨਾ ਹੋਣ