ਟੁੱਟਦੇ ਰਿਸ਼ਤਿਆਂ ਦੇ ਰੁੱਖਾਂ ਨੂੰ

ਟੁੱਟਦੇ ਰਿਸ਼ਤਿਆਂ ਦੇ ਰੁੱਖਾਂ ਨੂੰ ਤੂੰ ਕਿਉਂ ਪਾਣੀ ਪਾਵੇਂ।

ਲੋਕੀਂ ਸਾਰੇ ਜਾ ਬੈਠੇ ਨੇ ਖ਼ੁਦਗਰਜ਼ੀ ਦੀ ਛਾਵੇਂ।

ਝੱਖੜ ਨੇ ਦੋਹਾਂ 'ਚੋਂ ਕੋਈ ਵੀ ਨਾ ਸਾਬਤ ਛੱਡਿਆ,

ਰੁੱਖ ਟੁੱਟੇ ਤਾਂ ਨਾਲ ਹੀ ਟੁੱਟ ਗਏ ਰੁੱਖਾਂ ਦੇ ਪਰਛਾਵੇਂ।

ਕੱਲ੍ਹ ਇਸ ਉੱਤੇ ਤੇਰੀ ਵੀ ਤਸਵੀਰ ਲਟਕ ਜਾਏਗੀ,

ਜਿਹੜੀ ਕੰਧ ਤੇ ਅੱਜ ਤੂੰ ਮੁੜ ਮੁੜ ਕੈਲੰਡਰ ਲਟਕਾਵੇਂ।

ਜਿਸਦੇ ਕਦਮ ਹਾਸ਼ੀਓਂ ਬਾਹਰ ਇਕ ਕਦਮ ਨਾ ਤੁਰਦੇ,

ਉਸ ਪੁਸਤਕ ਤੇ ਕਿਉਂ ਤੂੰ ਮਹਿੰਦੀ ਰੰਗੀ ਜਿਲਦ ਚੜ੍ਹਾਵੇਂ।

ਸ਼ਾਇਦ ਕੋਈ ਉੱਡ-ਪੁਡਕੇ ਹੀ ਉਸਦੀ ਕਬਰ ਤੇ ਜਾਵੇ,

ਸੁੱਕੇ ਪੱਤਿਆਂ ਉੱਤੇ ਲਿਖ ਲਿਖ ਛੱਡ ਜਾਈਂ ਸਿਰਨਾਵੇਂ।

📝 ਸੋਧ ਲਈ ਭੇਜੋ