ਟੁੱਟੇ ਭੱਜੇ ਦਿਨ ਤੇ ਅੱਜ ਤੱਕ ਵੱਢੀਆਂ ਟੁੱਕੀਆਂ ਰਾਤਾਂ
ਦੀਵੇ ਚਾਨਣ ਵੰਡਦੇ ਮਰ ਗਏ ਪਰ ਨਾ ਮੁੱਕੀਆਂ ਰਾਤਾਂ
ਸਾਵਣ ਰੁੱਤੇ ਤੜਫੇਂ ਤੇਰੀ ਅਕਲ ਟਿਕਾਣੇ ਆਵੇ
ਮੇਰੇ ਵਾਂਗੂੰ ਹਿਜਰਾ ਜੇਕਰ ਲੰਘੀਆਂ ਸੁੱਕੀਆਂ ਰਾਤਾਂ
ਆਪਣੇ ਹੱਥੀਂ ਦਿਨ ਮੜ੍ਹਾ ਕੇ ਜਿਨ੍ਹਾਂ ਦੇ ਗਲ਼ ਪਾਏ
ਬਦਲੇ ਦੇ ਵਿਚ ਉਹਨਾਂ ਸਾਡੇ ਮੂੰਹ ਤੇ ਥੁੱਕੀਆਂ ਰਾਤਾਂ
ਅੱਜ ਫਿਰ ਕਿਹੜੀ ਰੁੱਤ ਦੇ ਗੁੱਟ ਤੇ ਬੱਝ ਗਏ ਵਾਵਰੋਲ਼ੇ
ਅੱਜ ਫਿਰ ਕਾਲਖ ਮਲ਼ ਕੇ ਖ਼ੌਰੇ ਕਿੱਧਰ ਢੁੱਕੀਆਂ ਰਾਤਾਂ
ਸਾਥੋਂ ਸੱਜਰਾ ਚੰਨ ਲੁਕਾ ਕੇ ਉਹੀਓ ਟੁਰਦਾ ਬਣਿਆ
ਜਿਹਦੇ ਲਈ ਸਨ ਇੱਕ ਇੱਕ ਕਰ ਕੇ ਸਿਰ ਤੇ ਚੁੱਕੀਆਂ ਰਾਤਾਂ
ਚੰਨ ਗੱਡਿਆਂ ਸਾਡੇ ਲੂੰ ਲੂੰ ਖੁਭ ਗਿਆ ਘੁੱਪ ਹਨ੍ਹੇਰਾ
ਦਿਨ ਬੀਜਣ ਵਿਚ ਪੈਰ ਪੈਰ ਤੇ ਸਾਨੂੰ ਠੁੱਕੀਆਂ ਰਾਤਾਂ
ਫ਼ਜਰ ਤੋਂ ਲੈ ਕੇ ਸ਼ਾਮਾਂ ਤੀਕਰ ਕਈ ਵਰ੍ਹਿਆਂ ਤੋਂ ’ਕੱਲਾ
ਸੂਰਜ ਬਣ ਕੇ ਲੱਭਦਾ ਫਿਰਨਾ ਘਰ ਘਰ ਲੁਕੀਆਂ ਰਾਤਾਂ