ਮਾਵਾਂ ਡਿੱਠੀਆਂ ਬਾਪ ਵੀ ਡਿੱਠੇ
ਪੁੱਤਰ ਮੋਹ ਸੰਤਾਪ ਵੀ ਡਿੱਠੇ
ਪੁੱਤਰਾਂ ਖ਼ਾਤਰ ਬੰਦੇ ਜੋ ਜੋ
ਕਰਦੇ ਢੇਰਾਂ ਪਾਪ ਵੀ ਡਿੱਠੇ।
ਬਲੀ ਪੁੱਤਰ ਦੀ ਦੇਵਣ ਵੇਲੇ
ਰੂਹ ਬੰਦੇ ਦੀ ਕੰਬ ਉੱਠੀ
ਅੱਖੀਂ ਪੱਟੀ ਬੰਨ ਸ਼ਹਾਦਤ
ਪੁੱਤਰ ਦੀ ਦਿੰਦੇ ਬਾਪ ਵੀ ਡਿੱਠੇ।
ਵੱਡੇ ਵੱਡੇ ਪਰਤਾਪੀ ਬੰਦੇ
ਰੱਬੀ ਬਖ਼ਸ਼ਿਸ਼ ਦੇ ਪਾਤਰ ਵੀ
ਭੁੱਲ ਕੇ ਰੱਬੀ ਰਹਿਮਤ ਸਾਰੀ
ਪੁੱਤਾਂ ਲਈ ਕਰਦੇ ਜਾਪ ਵੀ ਡਿੱਠੇ।
ਅੰਨ੍ਹੀਆਂ ਅੱਖਾਂ, ਰਾਜ ਭਾਗ
ਮਾਣਨ ਲਈ ਘੁੱਪ ਹਨੇਰਾ ਸੀ
ਪੁੱਤਰ ਲਈ ਮੰਨ ਜੂਆ ਜਾਇਜ਼
ਸਿਰ ਮੜ੍ਹਦੇ ਕਈ ਸਰਾਪ ਵੀ ਡਿੱਠੇ।
ਬਾਬਰ ਜਿਹੇ ਮੁਗ਼ਲ ਬਾਦਸ਼ਾਹ
ਪੁੱਤਰ ਮੋਹ ਵਿੱਚ ਢੇਰ ਹੋਏ
ਜ਼ਿੰਦਗੀ ਪੁੱਤਰ ਤੇ ਵਾਰਨ ਲਈ
ਸੱਤ ਫੇਰੇ ਲੈਂਦੇ ਆਪ ਵੀ ਡਿੱਠੇ।
ਐਪਰ ਇੱਕੋ ਮਰਦ ਅਗੰਮੜਾ
ਚਾਰ ਪੁੱਤਰ ਜੋ ਵਾਰ ਗਿਆ
ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ
ਤਵਾਰੀਖੀ ਛੱਡਦੇ ਛਾਪ ਵੀ ਡਿੱਠੇ।