ਉੱਚੇ ਹੁੰਦੇ ਜਾਣ, ਚੁਬਾਰੇ ਇਕ ਇਕ ਕਰਕੇ।
ਨੀਵੇਂ ਹੁੰਦੇ ਜਾਂਦੇ ਢਾਰੇ, ਇਕ ਇਕ ਕਰਕੇ।
ਇਸ ਧਰਤੀ ਦਾ ਤਨ, ਮਨ, ਧਨ ਸਭ ਵੇਚ ਰਹੇ,
ਇਸ ਧਰਤੀ ਦੇ ਸਭ ਵਣਜਾਰੇ, ਇਕ ਇਕ ਕਰ ਕੇ।
ਕੰਧਾਂ ਉੱਤੋਂ ਧੁੱਪ ਢਲੇ ਤਾਂ ਯਾਦ ਆਉਂਦੇ,
ਪੰਛੀ ਤੇ ਪਰਦੇਸੀ ਪਿਆਰੇ, ਇਕ ਇਕ ਕਰ ਕੇ।
ਮੈਂ ਸਾਗਰ 'ਚੋਂ ਸੁੱਚੇ ਮੋਤੀ ਭਾਲ ਰਿਹਾਂ,
ਦਿਨ ਜੋ ਤੇਰੇ ਨਾਲ ਗੁਜ਼ਾਰੇ, ਇਕ ਇਕ ਕਰ ਕੇ।
ਸਬਜ਼ ਹਨੇਰੇ, ਜ਼ਰਦ ਉਜਾਲੇ, ਖਾਬਾਂ ਦੇ,
ਆਉਂਦੇ ਜਾਂਦੇ ਨਿੱਤ ਹਰਕਾਰੇ, ਇਕ ਇਕ ਕਰ ਕੇ।
ਜੰਗਲ, ਪਰਬਤ, ਮਾਰੂਥਲ ਤੇ ਬੰਜਰ ਧਰਤੀ,
ਕਿਸ ਨੇ ਮੇਰੇ ਐਬ ਚਿਤਾਰੇ, ਇਕ ਇਕ ਕਰ ਕੇ।
ਮਾਲੀ ਤੇ ਅੱਯਾਲੀ ਖੁੱਲ ਕੇ ਖੇਡ ਰਹੇ,
ਬਣ ਬੈਠੇ ਨੇ ਮਾਲਿਕ ਸਾਰੇ, ਇਕ ਇਕ ਕਰ ਕੇ।
ਇਹ ਵੀ ਰਸਤਾ ਦੱਸਣ ਵਾਲੇ ਤਾਰੇ ਨੇ,
ਤੂੰ ਜੇ ਮੈਨੂੰ ਪੱਥਰ ਮਾਰੇ, ਇਕ ਇਕ ਕਰ ਕੇ।
ਏਸ ਵਰ੍ਹੇ ਬਰਸਾਤ ਅਨੋਖੀ ਆਈ ਹੈ,
ਵਰ੍ਹਦੇ ਜਾਂਦੇ ਬੱਦਲ ਖ਼ਾਰੇ ਇਕ ਇਕ ਕਰ ਕੇ।