ਉੱਚੀਆਂ ਪਹਾੜੀਆਂ ਦੇ

ਉੱਚੀਆਂ ਪਹਾੜੀਆਂ ਦੇ

ਉਹਲੇ ਉਹਲੇ ਸੂਰਜਾ

ਰਿਸ਼ਮਾਂ ਦੀ ਲਾਬ ਪਿਆ ਲਾਏ ।

ਪੀਲੀ ਪੀਲੀ ਧੁੱਪੜੀ ਨੂੰ

ਭੰਨ ਭੰਨ ਪੋਟਿਆਂ ਥੀਂ

ਟੀਸੀਆਂ ਨੂੰ ਬਾਂਕੜੀ ਲੁਆਏ ।

ਗਿੱਟੇ ਗਿੱਟੇ ਪੌਣਾਂ ਵਿਚ

ਵਗਣ ਸੁਗੰਧੀਆਂ ਨੀ

ਨੀਂਦ ਪਈ ਪੰਖੇਰੂਆਂ ਨੂੰ ਆਏ ।

ਸਾਵੇ ਸਾਵੇ ਰੁੱਖਾਂ ਦੀਆਂ

ਝੰਗੀਆਂ 'ਚ ਕੂਲ ਕੋਈ

ਬੈਠੀ ਅਲਗੋਜੜੇ ਵਜਾਏ ।

ਪਾਣੀਆਂ ਦੇ ਸ਼ੀਸ਼ੇ ਵਿਚ

ਮੁੱਖ ਵੇਖ ਕੰਮੀਆਂ ਦੇ

ਰੋਣ ਪਏ ਨੀ ਪੱਤ ਕੁਮਲਾਏ ।

ਨਿੱਕੇ ਨਿੱਕੇ ਘੁੰਗਰੂ ਨੀ

ਪੌਣ ਬੰਨ੍ਹ ਪੈਰਾਂ ਵਿਚ

ਅੱਡੀਆਂ ਮਰੀਂਦੀ ਟੁਰੀ ਜਾਏ ।

ਕੂਲੀਆਂ ਕਰੂੰਬਲਾਂ 'ਤੇ

ਸੁੱਤੇ ਜਲ-ਬਿੰਦੂਆਂ 'ਚ

ਕਿਰਨਾਂ ਦੇ ਦੀਵੜੇ ਜਗਾਏ ।

ਆਉਂਦੇ ਜਾਂਦੇ ਰਾਹੀਆਂ ਨੂੰ

ਪਟੋਲਾ ਜਿਹੀ ਸੋਨ-ਚਿੜੀ

ਮਾਰ ਮਾਰ ਸੀਟੀਆਂ ਬੁਲਾਏ ।

ਨੀਲੇ ਨੀਲੇ ਅੰਬਰਾਂ 'ਚ

ਉੱਡੇ ਅਬਾਬੀਲ ਕੋਈ

ਕਿਰਨਾਂ ਦੀ ਕੰਙਣੀ ਪਈ ਖਾਏ ।

ਮਿੱਠੜੀ ਤਰੇਲ ਦੀ

ਛਬੀਲ ਲਾ ਕੇ ਫੁੱਲ ਕੋਈ

ਛਿੱਟ-ਛਿੱਟ ਭੌਰਾਂ ਨੂੰ ਪਿਆਏ ।

ਬੂਹੇ ਖਲੀ ਤਿਤਲੀ

ਫ਼ਕੀਰਨੀ ਨੂੰ ਮੌਲਸਰੀ

ਖ਼ੈਰ ਪਈ ਸੁਗੰਧੀਆਂ ਦੀ ਪਾਏ ।

ਏਸ ਰੁੱਤੇ ਪੀੜ ਨੂੰ

ਪਿਉਂਦ ਲਾ ਕੇ ਹੌਕਿਆਂ ਦੀ

ਵਾਸਤਾ ਈ ਧੀਆਂ ਦਾ ਨੀ ਮਾਏ ।

ਥੱਕੀ ਥੱਕੀ ਪੀੜ ਕੋਈ

ਨੀਝਾਂ ਦੀਆਂ ਡੰਡੀਆਂ 'ਤੇ

ਪੋਲੇ ਪੋਲੇ ਔਂਸੀਆਂ ਪਈ ਪਾਏ ।

ਟੁੱਟ ਪੈਣਾ ਮਿੱਠਾ-ਮਿੱਠਾ

ਬਿਰਹਾ ਨੀ ਅੱਥਰਾ

ਵਿਚੇ ਵਿਚ ਹੱਡੀਆਂ ਨੂੰ ਖਾਏ ।

ਸੱਜਣਾਂ ਦੇ ਮੇਲ ਦਾ

ਕਢਾ ਦੇ ਛੇਤੀ ਸਾਹਿਆ ਕੋਈ

ਚੈਨ ਸਾਡੇ ਦੀਦਿਆਂ ਨੂੰ ਆਏ ।

ਸੱਜਣਾਂ ਦੇ ਬਾਝ ਜੱਗ

ਅਸਾਂ ਲਟਬੌਰੀਆਂ ਨੂੰ

ਆਖ ਆਖ ਝੱਲੀਆਂ ਬੁਲਾਏ ।

ਏਸ ਪਿੰਡ ਕੋਈ ਨਹੀਉਂ

ਸਕਾ ਸਾਡਾ ਅੰਮੀਏ ਨੀ

ਜਿਹੜਾ ਸਾਡੀ ਪੀੜ ਨੂੰ ਵੰਡਾਏ ।

ਏਸੇ ਰੁੱਤੇ ਸੱਜਣਾਂ ਤੋਂ ਬਾਝ

ਤੇਰੇ ਪਿੰਡ ਮਾਏ

ਇਕ ਪਲ ਕੱਟਿਆ ਨਾ ਜਾਏ ।

ਉੱਚੀਆਂ ਪਹਾੜੀਆਂ ਦੇ

ਉਹਲੇ ਉਹਲੇ ਸੂਰਜਾ

ਰਿਸ਼ਮਾਂ ਦੀ ਲਾਬ ਪਿਆ ਲਾਏ ।

ਪੀਲੀ ਪੀਲੀ ਧੁੱਪੜੀ ਨੂੰ

ਭੰਨ ਭੰਨ ਪੋਟਿਆਂ ਥੀਂ

ਟੀਸੀਆਂ ਨੂੰ ਬਾਂਕੜੀ ਲੁਆਏ ।

📝 ਸੋਧ ਲਈ ਭੇਜੋ