ਉੱਚੇ ਟਿੱਲੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ

ਉੱਚੇ ਟਿੱਲੇ ਬੈਠਾ ਖੇਡੇਂ ਦੇਖ ਸਕੇਂ ਨਾ ਥੱਲੇ ।

ਦੁੱਖਾਂ ਮਾਰੇ ਪਾਗਲ ਲੋਕੀ ਸ਼ਹਿਰ ਤਿਰਾ ਛੱਡ ਚੱਲੇ ।

ਦਿਲ ਜਿਹੀ ਮਹਿੰਗੀ ਚੀਜ਼ ਦੀ ਦੇਖੋ ਕੀਮਤ ਕੀ ਹੈ ਪਾਈ,

ਇਕ ਰੁਮਾਲ, ਇਕ ਫੋਟੋ ਜਾਂ ਫਿਰ ਦੋ ਤਿੰਨ ਹੱਥ ਦੇ ਛੱਲੇ ।

ਸਾਡੇ ਜਿਹੇ ਸਿਧ ਪੱਧਰੇ ਲੋਕੀ ਮਿਲਣ ਕਿਤੇ ਤਾਂ ਦੱਸੀਂ,

ਗ਼ੈਰਾਂ ਦੇ ਦੁੱਖ ਸੀਨੇ ਲਾਵਣ, ਕੌਣ ਅਜੇਹੇ ਝੱਲੇ ।

ਬਿਰਹੋਂ ਵਾਲਾ ਔਖਾ ਪੈਂਡਾ ਕੱਟਣਾ ਬਹੁਤ ਹੀ ਮੁਸ਼ਕਿਲ,

ਸ਼ੂਕੇ ਰਾਤ ਹਨੇਰੀ ਉੱਤੋਂ ਡੈਣਾਂ ਨੇ ਮੂੰਹ ਮੱਲੇ ।

ਪੱਥਰ ਹੋਈਆਂ ਤੱਕ ਤੱਕ ਰਾਹਵਾਂ, ਅੱਖਾਂ ਹੰਝੂ ਭਰੀਆਂ,

ਰੁੱਸੇ ਯਾਰ ਨਾ ਫੇਰਾ ਪਾਇਆ, ਲੱਖ ਸੁਨੇਹੇ ਘੱਲੇ ।

ਬੰਦੇ ਦਾ ਅੱਜ ਬੰਦਾ ਵੈਰੀ, ਬਰਬਰ ਵੇਲੇ ਰੱਤੇ,

ਲੋਥਾਂ, ਲਹੂਆਂ, ਭਰੀਆਂ ਨਦੀਆਂ, ਬੱਲੇ, ਬੱਲੇ, ਬੱਲੇ ।

📝 ਸੋਧ ਲਈ ਭੇਜੋ