ਉਸਨੂੰ ਤੂੰ ਤੀਰ ਦੇ ਦੇ ਭਾਵੇਂ ਕਮਾਨ ਦੇ ਦੇ
ਮੇਰੇ ਪਰਾਂ ਨੂੰ ਵੀ ਪਰ ਉੱਚੀ ਉਡਾਨ ਦੇ ਦੇ
ਹੱਥ ਵਿੱਚ ਹੈ ਤੇਗ਼ ਜੇਕਰ ਮੱਥੇ ਦੇ ਤੇਜ ਬਾਝੋਂ
ਉਹ ਤੇਗ਼ ਫਿਰ ਨਾ ਲਿਸ਼ਕੇ ਉਸਨੂੰ ਮਿਆਨ ਦੇ ਦੇ
ਸਭ ਕੂੜ ਦਾ ਇਹ ਕੂੜਾ ਧਰਤੀ ਤੋਂ ਸਾਫ਼ ਹੋਵੇ
ਭੋਂਇੰ ਨੂੰ ਸਾਫ਼-ਸੁਥਰਾ ਕੋਈ ਤੁਫ਼ਾਨ ਦੇ ਦੇ
ਵਿਹੜਾ ਨਸੀਬ ਜਿਸਨੂੰ ਹੋਇਆ ਨਾ ਸਾਂਝਾ ਉਸਨੂੰ
ਤੂੰ ਕਬਰ ਤੇ ਸਿਵੇ ਦਾ ਸਾਂਝਾ ਮਕਾਨ ਦੇ ਦੇ
ਇਹ ਸ਼ਖ਼ਸ ਨਕਸ਼ ਆਪਣੇ ਮੰਡੀ ‘ਚ ਭੁੱਲ ਆਇਆ
ਪਿਤਰਾਂ ਦੀ ਦਿੱਖ ਮੰਗਦੈ ਇਸਨੂੰ ਇਹ ਦਾਨ ਦੇ ਦੇ