ਉੱਚੀਆਂ ਉੱਚੀਆਂ
ਹਿਮਾਲਾ ਦੀਆਂ ਚੋਟੀਆਂ
ਕਿਸੇ ਗੋਰੀ ਦੀਆਂ
ਬੱਗੀਆਂ ਵੀਣੀਆਂ ਵਰਗੀਆਂ
ਆਪਣੀ ਹਿੱਕ ਵਿਚ
ਸ਼ੂਕਦੇ ਹੜ੍ਹ ਤੁਫ਼ਾਨ
ਲਕੋਈ ਬੈਠੀਆਂ ਹਨ
ਹੜ੍ਹ ਬੁੜ ਬੁੜ ਕਰ ਰਹੇ
ਚੀਕਾਂ ਮਾਰ ਰਹੇ ਹਨ
ਬਰਫ਼ ਦੀ ਗੱਠੜੀ ਚ ਬੈਠੇ
ਹਵਾ ਚ ਤੂਫ਼ਾਨ ਹੈ
ਬੜ੍ਹਕਾਂ ਮਾਰ ਰਿਹਾ
ਰੁੱਖਾਂ ਨੂੰ ਹਲੂਣਦਾ
ਜਾਗਣ ਨੂੰ ਕਹੈ
ਰੁੱਖ ਜੜ੍ਹਾਂ ਨਾਲ ਲੈ ਕੇ
ਟੁਰਨ ਨੂੰ ਕਾਹਲੇ
ਟੇਢੇ ਮੇਢੇ ਹੋਣ
ਪਹਾੜ ਤੋਂ ਮੇਰੇ ਪਿੰਡ ਤੱਕ
ਜਿੱਥੇ ਮੈਂ ਧੁੱਪ ਦੀ
ਸੁਨਹਿਰੀ ਚਾਦਰ ਵਿਛਾਈ ਹੈ
ਕੁੱਖ ਚ ਸਾਂਭੀ ਬੈਠੀ
ਬਲਦੇ ਜੁਆਲਾਮੁਖੀ ਧਰਤੀ ਨੂੰ
ਤੂਫ਼ਾਨ ਸਾਂਭੀ ਬੈਠੇ
ਓਕਾਂ ਫਰਨਾਂ ਸਫ਼ੈਦਿਆਂ ਨੂੰ
ਜਗਾਇਆ ਹੈ
ਕਿ ਯੁੱਧ ਤੇ ਚੱਲਣਾ
ਹਾਕਮ ਦੇ ਪਹਿਰੇਦਾਰ ਨੂੰ ਵੀ
ਹਲੂਣ ਦਿੱਤਾ ਹੈ
ਕਹੇ ਨਾ ਕਿਤੇ ਲਲਕਾਰਿਆ ਨਹੀਂ ਦੱਸਿਆ ਨਹੀਂ
ਬਲ਼ਦੇ ਅੰਗਿਆਰ ਬਣੇ
ਬਿਨ ਕਫ਼ਨ
ਕਬਰਾਂ ਚ ਹਰੇ ਘਾਵਾਂ ਦੇ
ਕੰਬਲ ਓੜ ਕੇ ਸੁੱਤੇ ਪਏ
ਸ਼ਹੀਦ ਯੋਧਿਆਂ
ਨੂੰ ਵੀ ਕਿਹਾ ਹੈ ਚੱਲਣ ਨੂੰ ਨਾਲ
ਜਦੋਂ ਕਿ ਅਸਮਾਨ
ਉਹਨਾਂ ਦੀ ਸੁਆਹ ਉੱਤੇ
ਛਾਂ ਕਰਦਾ
ਪਹਿਰਾ ਦੇ ਰਿਹਾ ਹੈ
ਇਹਨਾਂ ਚਿੜੀਆਂ ਨੂੰ ਡਰਾਉਣ ਲਈ
ਬਾਜਾਂ ਨੂੰ ਵੀ ਆਲ੍ਹਣਿਆਂ ਚੋਂ ਜਗਾਇਆ ਹੈ
ਜ਼ਮੀਨ ਤੋਂ ਅਰਸ਼ ਤੱਕ
ਬਾਂਹ ਖੜੀ ਕੀਤੀ ਹੈ
ਯੁੱਧ ਦਾ ਪੈਗਾਮ ਲਿਖਣ ਲਈ
ਅਜੇ ਸਮੁੰਦਰ ਚ ਵੀ ਖੌਰੂ ਪਾਉਣਾ ਹੈ
ਚਾਰੇ ਪਾਸੇ ਛਾਇਆ ਕਾਲ਼ਾ
ਧੂੰਆਂ ਸਾਫ਼ ਕਰਨਾ ਹੈ
ਤ੍ਰੇਲ ਤੁਪਕਿਆਂ ਵਿਚਦੀ ਝਾਕਣਾ ਹੈ
ਸੂਹੇ ਅੰਗਿਆਰ ਬਣ ਕੇ
ਸ਼ਾਂਤ ਹੋਏ ਹਾਉਕੇ ਨੂੰ
ਲੰਮਾ ਸਾਹ ਬਖਸ਼ਣਾ ਹੈ ਹੌਸਲੇ ਦਾ
ਸ਼ੋਰ ਮਚਾ ਦੇਣਾ ਅਸੀਂ
ਹਾਕਮ ਦੇ ਆਖ਼ਰੀ ਸਾਹਾਂ ਦੁਆਲੇ
ਘਾਹ ਹਰਾ ਰੱਖਣਾ
ਸ਼ਹੀਦਾਂ ਦੀਆਂ ਕਬਰਾਂ ਤੇ
ਲਹੂ ਨਾਲ ਸਿੰਜਣੇ ਹਨ
ਉਹਨਾਂ ਦੇ ਸਰ੍ਹਾਣੇ
ਫੁੱਲ ਗੁਲਾਬ ਦੇ