ਜੀ ਬੜਾ ਕਰਦਾ ਹੈ
ਰੱਜ ਕੇ ਰੋ ਲਈਏ
ਕਿ ਮਨ ਦੀ ਗ਼ਰਦ ਨੂੰ
ਹੰਝੂਆਂ ਨਾਲ ਧੋ ਲਈਏ
ਸਫ਼ਰ ਇਹ ਮੁੱਕ ਜਾਵੇ
ਹੌਂਸਲਾ ਟੁੱਟਣ ਤੋਂ ਪਹਿਲਾਂ
ਨਬੇੜਾ ਹੋ ਜਾਵੇ ਤਾਂ
ਬੇਫ਼ਿਕਰੀ ਨਾਲ ਸੌਂ ਲਈਏ
ਕਦੇ ਤਾਂ ਖ਼ਤ ਮਿਲੇ ਐਸਾ
ਕਿ ਪੜ੍ਹਦਿਆਂ ਸਾਰ ਹੀ
ਚਿਹਰੇ ਦੀ ਖ਼ੁਸ਼ੀ ਨੂੰ
ਮਨ ਅੰਦਰ ਕਿਤੇ ਲੁਕੋ ਲਈਏ
ਤਾਰਿਆਂ ਨੇ ਪਾਈ ਬਾਤ ਜੋ
ਅਸਾਂ ਤੋਂ ਬੁੱਝ ਨਾ ਹੋਈ
ਤੇ ਹੁਣ ਨ੍ਹੇਰੀਆਂ ਰਾਤਾਂ ਤੋਂ
ਮਜ਼ਬੂਨ ਦੀ ਕਨਸੋ ਲਈਏ
ਅਸਾਡੇ ਖੰਭ ਸੜ ਗਏ ਨੇ
ਉਡਾਰੀ ਤੋਂ ਜ਼ਰਾ ਪਹਿਲਾਂ
ਇਸ ਬੇਚਾਰਗੀ ਤੋਂ ਕਿਵੇਂ
ਆਪਣਾ ਚਿਹਰਾ ਲੁਕੋ ਲਈਏ