ਉਦਾਸ ਹੋ ਕੇ ਕੀ ਕਰੇਂਗੀ
ਕੋਈ ਨਹੀਂ ਚੁਗਦਾ
ਏਥੇ ਗ਼ਮਗੀਨ ਰਾਤਾਂ ਦੇ ਅੱਥਰੂ
ਨਾ ਕੋਈ ਜਗਾਵੇ
ਬੁਝੇ ਹੋਏ ਦੀਵੇ ਦਰਾਂ ਤੇ
ਉਮੀਦਾਂ ਰੱਖੀਦੀਆਂ ਸੰਭਾਲ ਕੇ
ਅੱਖਾਂ ਦੇ ਸੁਪਨਿਆਂ
ਤੇ ਸਾਹਾਂ ਚੋਂ ਆਸ ਨਹੀਂ ਗੁਆਈ ਦੀ
ਨਰਕ ਸੰਸਾਰ ਦੇ ਹੁੰਦਿਆਂ ਵੀ
ਬੰਸਰੀ ਨਹੀਂ ਛੱਡੀਦੀ ਹੱਥਾਂ ਚੋਂ
ਕੋਈ ਨਹੀਂ ਭੁੱਲੇਗਾ
ਫ਼ਲਸਤੀਨ ਲਫਜ਼
ਤੈਲਅਵੀਵ ਜਾਫੋ ਸ਼ਹਿਰ
ਕੋਈ ਬਹੁਤਾ ਦੂਰ ਨਹੀਂ ਹੈ ਉਨ੍ਹਾਂ ਤੋ
ਜਿੱਥੇ ਮੁਕਾਬਲੇ ਹੋਣ
ਵਿਸ਼ਵ-ਸੁੰਦਰੀਆਂ ਦੇ
ਤੇ ਨੇੜਲੀ ਹੀ ਧਰਤੀ ਦੇ ਜਾਇਆਂ ਨੂੰ ਅਸਭਿਅਕ ਕਹਿ
ਨਠਾ ਨਠਾ ਕੇ ਗੋਲੀਆਂ ਨਾਲ ਫੁੰਡਿਆ ਜਾਂਦਾ ਹੈ
ਇਹ ਜ਼ੁਲਮ ਵੀ
ਆਪਣੇ ਹੀ ਲਾਡਲਿਆਂ ਤੋਂ ਕਰਵਾਇਆ ਜਾਵੇ
ਸੱਭ ਤੋਂ ਵੱਡਾ ਦੁੱਖਾਂਤ ਹੁੰਦਾ ਹੈ
ਇਹ ਦੁਨੀਆਂ ਤੇ
ਉਹ ਜੁਆਕ ਵੀ ਤਾਂ
ਮੇਰੀਆਂ ਨਜ਼ਮਾਂ ਦੇ ਜਾਏ
ਦੁੱਖਾਂ ਦੇ ਪਹਾੜ ਜ਼ਰਦੇ ਉਜਾੜੇ ਤੱਕਦੇ
ਹੋਣੀ ਨਿੱਤ ਉਡੀਕਣ ਕਈ ਸਦੀਆਂ ਤੋਂ
ਆਪਣੇ ਹੀ ਹੱਥੀਂ ਲਿਖਣ ਉਜਾੜੇ
ਕਬਰਾਂ ਦੇ ਰਾਹਾਂ ਤੇ ਦਸਤਖ਼ਤ ਕਰਦੇ
ਸੰਸਾਰ ਵਿਚ
ਇਹੋ ਜਿਹੀਆਂ ਚੀਸਾਂ ਦੀ ਕਦੇ ਕੋਈ
ਦਵਾਈ ਨਹੀਂ ਹੁੰਦੀ
ਦੁਖੜੇ ਤਾਂ ਦੂਰ ਕਰੀਦੇ ਨੇ
ਜ਼ਖ਼ਮਾਂ ਦੀਆਂ ਵਾਟਾਂ ਤਾਂ ਤੋੜੀਦੀਆਂ ਨੇ
ਵੱਡੀਆਂ ਨਹੀਂ ਕਰੀਦੀਆਂ ਇਹਨਾਂ ਦੀਆਂ ਰੱਸੀਆਂ
ਜ਼ੁਲਮ ਚੋਂ ਕਦੇ ਨਹੀਂ
ਸੁੱਖ ਦੇ ਪਲ ਜਨਮੇਂ
ਭਾਵੇਂ ਕਿ ਆਜ਼ਾਦੀ ਦੁੱਖਾਂਤ ਚੋਂ
ਜਨਮਦੀ ਹੈ
ਕੀ ਕੋਈ ਬਿਆਨ ਕਰ ਸਕਦਾ ਹੈ
ਲਿਖ ਸਕਿਆ ਇਸ ਤਾਰੀਖ਼ ਨੂੰ
ਮਿੱਟੀ ਦੇ ਜਾਏ
ਕਬੀਲਿਆਂ ਚ ਹੀ ਵਸਦੇ ਰੰਗ ਬਦਲਦੇ ਰਹੇ
ਏਥੇ ਕੋਈ ਸੱਚ ਦੀ ਸੁਰਖ਼ ਤਵੀ ਤੇ ਨਹੀਂ ਬਹਿੰਦਾ
ਕੁਫ਼ਰ ਦਾ ਵਿਰੋਧ ਕਰਨ ਤੇ ਸਲਾਖਾਂ ਮਿਲਦੀਆਂ ਹਨ
ਏਥੇ ਤਾਂ ਆਪਣੇ ਆਪਣੇ
ਪਰਿਵਾਰਾਂ ਦਾ ਹੀ ਹੁਕਮ ਚੱਲਦਾ ਹੈ
ਲਫ਼ਜ਼ਾਂ ਦੀਆਂ ਪੈੜਾਂ ਹੀ
ਸਦਾ ਦੱਸਦੀਆਂ ਨੇ
ਦੁੱਧ ਚਿੱਟੇ ਦਿਨਾਂ ਦੀ ਕਹਾਣੀ
ਉਹ ਸਾਰੀ ਉਮਰ ਕਿਤੇ ਘਰ ਨਹੀਂ ਬਣਾ ਸਕੇ ਆਪਣੇ
ਜਿੱਥੇ ਉਹ ਆਰਾਮ ਕਰ ਸਕਣ
ਜਦ ਦਾ ਵਕਤ ਨੇ
ਉਹਨਾਂ ਨੂੰ ਹਿੰਸਕ ਰਾਹਾਂ ਤੇ ਤੋਰਿਆ ਹੈ
ਲਹੂ ਨਾਲ ਭਿੱਜੀ ਮਿੱਟੀ ਚ
ਕਦੇ ਗੁਲਾਬ ਨਹੀਂ ਉੱਗੇ
ਹਤਿਆਰਿਆਂ ਦੇ ਖ਼ਾਬਾਂ ਚ ਕਦੇ ਰਹਿਮ ਨਹੀਂ ਸੁੱਤੇ
ਫਿਰ ਉਸ ਧਰਤੀ ਤੇ ਕਿਥੋਂ ਆਵੇ
ਮਹਿਕਣੇ ਫੁੱਲਾਂ ਦੀ ਵਰਖਾ
ਜਿੱਥੇ ਸਰਘੀਆਂ ਦੀਆਂ
ਰਿਸ਼ਮਾਂ ਵਿੱਚ ਰੋਹ ਫੁੱਟਣ
ਤੇ ਉਹ ਚਿੜੀਆਂ ਵਰਗੀਆਂ ਨੀਂਦਾਂ ਚ ਹੀ
ਆਪਣੇ ਉਧੜੇ ਜ਼ਖ਼ਮਾਂ ਨੂੰ ਹੀ ਸੀਣ ਮਾਰ ਲੈਣ
ਉਹ ਮਿੱਟੀ ਕਹਿੰਦੀ ਹੈ
ਇਕੱਲੇ ਹੀ ਦਿਸੀ ਦਾ ਦੂਰੋਂ
ਭੀੜ ਚ ਤਾਂ ਤੇਰੇ ਨਕਸ਼ ਵੀ ਨਹੀਂ ਰਹਿਣੇ
ਲਿਖਦਾ ਰਹੀਂ ਸਾਡੇ ਨਿੱਤ ਦੇ
ਦੁੱਖਾਂ ਦੀ ਗਾਥਾ
ਕੋਈ ਇਤਿਹਾਸ ਤਾਂ ਬਣੇ
ਕੁੱਖ ਸੂਰਮੇ ਤਾਂ ਜਣੇ