ਮੈਂ ਫੇਰ ਆਇਆ ਹਾਂ ਉਮਰ ਦੇ ਰਾਹਾਂ ਤੇ; 

ਅਗਨੀ ਦਾ ਬੁੱਤ ਮੇਰਾ

ਅਨਿਕ ਹਿੰਸਕ ਅਵਾਜ਼ਾਂ ਬੰਨ੍ਹ ਕੇ 

ਪਹਾੜਾਂ ਦੇ ਵਾਂਗ ਖਲੋਤਾ।

ਕਦੇ ਕਦੇ ਮੇਰੀ ਰੂਹ ਤ੍ਰਬਕਦੀ, ਹੌਲ ਪੈਂਦੇ, 

ਮੈਂ ਕੰਬਦਾ ਗ਼ਰੀਬ ਮਸਕੀਨ ਬੰਦਾ; 

ਪਰ ਮੈਂ ਜਾਗਦਾ ਚੰਘਿਆੜ ਕੇ

ਤੇ ਦੂਰ ਤਕ ਨਿਗਾਹ ਦੀ ਸ਼ਮਸ਼ੀਰ ਨਾਲ 

ਆਪਣੀਆਂ ਸ਼ਹਿਨਸ਼ਾਹੀਆਂ 'ਚ ਫਿਰਦਾ, 

ਉੱਡਦਾ ਉਡਾਰੂ ਬਾਜ਼ ਲਾਸਾਨੀ !!

ਮੈਂ ਵਡ-ਵਿਸਮਾਦ ਵਿਚ ਵੇਖਦਾ

ਆਪਣੀ ਪਿਆਰੀ ਦਾ ਚਿਹਰਾ ਉਦਾਸ

ਜਿਸ 'ਤੇ ਮੇਰੀ ਉਦਾਸ ਉਮਰ ਦੇ ਪ੍ਰਛਾਵੇਂ ਪਲ੍ਹਮਦੇ। 

ਮੈਂ ਹੈਰਾਨ ਹੋ ਸੋਚਦਾ

ਕਿੱਥੇ ਹੈ ਮੇਰੇ ਕਰਮ ਦੀ ਸਲਤਨਤ ?

ਕਿੱਥੇ ਕੁ ਮੇਰੀਆਂ ਜਿੱਤਾਂ ਦੇ ਸੂਰਜ ?

ਕਿੱਥੇ ਕੁ ਮੇਰੇ ਬੇ-ਮਿਸਾਲ ਤਰਸ ਦਾ ਜਲਵਾ ?

ਕਿੱਥੇ ਕੁ ਮੇਰੀਆਂ ਸੌਗਾਤਾਂ ਦੇ ਹੀਰੇ

ਜੋ ਮੈਂ ਲੁਟਾਏ ਸਨ ਬੇਪ੍ਰਵਾਹੀਆਂ ਦੇ ਰੰਗ ਵਿਚ ਖੇਲ੍ਹਦੇ ? 

ਉਸਦਾ ਗ਼ਰੀਬ ਜਿਹਾ ਚਿਹਰਾ

ਅਨੰਤ ਵੀਰਾਨੀ 'ਚ ਤਰਸ ਭਰਦਾ,

ਜਿਸ ਰਾਹ ਤੇ ਵੱਗੇ ਦਰਿਆਵਾਂ ਲਈ ਕਿਣਕੇ ਤੜਪਦੇ,

ਜਿਸ ਰਾਹ ਤੋਂ ਨੀਲ ਬਨਵਾਰੀ ਗੁਜ਼ਰ ਗਏ,

ਜਿੱਥੇ ਆਗਾਸ ਚਮਕੇ ਸਿਤਾਰਿਆਂ ਨੂੰ ਲੈ ਕੇ

ਐਪਰ ਗੁਆਚ ਗਏ,

ਉਹਨਾਂ ਰਾਹਾਂ 'ਚ ਡੁੱਬੀਆਂ ਉਸਦੀਆਂ ਅੱਖਾਂ

ਉਸਦੇ ਨੈਣਾਂ ਦਾ ਚੰਚਲ ਨੂਰ ਤੁਰ ਗਿਆ ਕਿਧਰੇ ! 

ਕੀ ਖੁਰ ਗਿਆ ਪਾਣੀਆਂ ਅੰਦਰ,

ਜਾਂ ਕਿਤੇ ਹੋਰ ਚਮਕਦਾ ਕਿਰਨਾਂ ਦੇ ਅੰਦਰ ? 

ਉਹ ਵੇਖਦੀ ਦੂਰ ਤਕ ਚੁੱਪ ਦਰਿਆਵਾਂ ਦੀ ਚੁੱਕ ਕੇ 

ਲੰਘਦੇ ਬੇ-ਮੁਹਾਰੇ ਦਰਿਆ ਨੂੰ ਜਿਸ ਚੁੱਪ ਨੇ ਰੋਕਿਆ ! 

ਉਸਦਾ ਹੰਝੂ ਲਾਸ ਮਾਰਦਾ ਸਾਰੀ ਵੀਰਾਨੀ ਦੀ ਹਿੱਕ ਤੇ ! 

ਉਸਨੂੰ ਛੱਡ ਕੇ ਜਿੰਨੇ ਵੀ ਉਸ ਦੇ ਰੂਪ ਵਣਾਂ ਨੂੰ ਉੱਠ ਗਏ 

ਉਹਨਾਂ ਦੀ ਦੀਦ ਨੂੰ ਸਿੱਕਦੀ

ਨੈਣ ਭਰ ਆਏ ਉਹ ਸੁੰਦਰੀ।

📝 ਸੋਧ ਲਈ ਭੇਜੋ