ਮੈਂ ਨ ਵੈਂਦਾ ਦਰਦ ਨ ਮੈਂਡਾ !
ਮਨ ਪਰਦੇਸੀ, ਲੰਮਾ ਪੈਂਡਾ।
ਝਿੰਮ ਝਿੰਮ ਦੂਰ ਸੁਣੇ ਅਧਰੈਣੀ,
ਵਰ੍ਹ ਪੈਂਦੇ ਫਿਰ ਅੱਥਰੂ ਨੈਣੀ।
ਪਲ ਭਰ ਚੜ੍ਹਦਾ ਤਾਰਾ ਲੰਮਾ,
ਕਾਂਗ ਉਠੇ ਕੁਈ, ਦਰਦ ਨਿਕੰਮਾ !
ਉਡਣ ਵਣਾਂ ਵਣਾਂ ਦੀਆਂ ਛੋਹਾਂ,
ਨੂਰ ਦੇ ਝੱਖੜ ਕਰਨ ਨ ਲੋਆਂ।
ਮਨ ਪਰਦੇਸੀ ਖ਼ਾਲੀ ਹੋਇਆ,
ਪੈਂਡਿਆਂ ਸਾਮ੍ਹੇ ਬਹਿ ਬਹਿ ਰੋਇਆ।
ਪਰ ਅੱਥਰੂ ਕੋਈ 'ਵਾਜ ਨਾ ਮਾਰੇ
ਯਾਦ ਤਰੇਂਦੀ, ਨ ਹੜ੍ਹ ਭਾਰੇ।
ਉਜੜੇ ਵਣਾਂ ਚੋਂ ਜਦ ਮੈਂ ਲੰਘਾਂ,
ਸਦੀਆਂ ਨਾਲ ਬੋਲ ਕੁਝ ਸੰਗਾਂ।
ਦਿਲ ਨੱਚੇ ਤਾਂ ਨਾਗ ਵੀ ਕੀਲਾਂ,
ਲਹੂ 'ਚ ਮਹਿਕ ਜਗਾਵਣ ਪੀਲ੍ਹਾਂ !
ਤਕ ਝੋਕਾਂ ਛਡ ਗਏ ਪਿਆਰੇ,
ਰੰਗ ਸੁਣੇ ਮਨ, ਥਲ ਲਲਕਾਰੇ।
ਭਰੀਆਂ ਭਰੀਆਂ ਵਗਣ ਹਵਾਵਾਂ,
ਧਰ-ਨੀਂਦਰ ਦੇ ਸਫ਼ਰ 'ਤੇ ਜਾਵਾਂ।
ਕਿਸੇ ਗੁਫ਼ਾ 'ਚੋਂ ਚੁੰਮ ਸ਼ਮਸ਼ੀਰਾਂ,
ਮੈਨੂੰ ਰਾਹ ਵਿਚ ਮਿਲਣ ਸਮੀਰਾਂ।
ਧਰਤ-ਅੰਬਰ ਦੀਆਂ ਖੁੱਲ੍ਹੀਆਂ ਵਾਗਾਂ,
ਬਿੰਦੂ ਇਕ, ਅਨੰਤਾਂ ਜਾਗਾਂ।
ਪਰ ਨ ਇਕ ਆਵਾਜ਼ ਸੁਣੀਵੇ,
ਭੁੱਲ ਅਥਾਹ ਕਿਤੋਂ ਸਾਹ ਪੀਵੇ।
ਕਹਿਕਸ਼ਾਂ ਤੁਰੀਆਂ ਹੀ ਜਾਵਣ,
ਇਕ ਹੌਕੇ ਨੂੰ ਮੋੜ ਲਿਆਵਣ।
ਫਿਰ ਹੌਕੇ ਨੂੰ ਮੋੜਨ ਪਾਰੀ,
ਨਦੀਆਂ ਤੋਂ ਵੀ ਲੰਬੀ ਤਾਰੀ।
ਲਾਈ ਧਰ ਦੇ ਅਣਗਿਣ ਖ਼ਾਬਾਂ,
ਭਖ ਸੂਰਜ ਜਿਉਂ ਖੁੱਲ੍ਹੀਆਂ ਜਾਗਾਂ।
ਤੱਕੇ ਦੂਰ ਅੰਬਰ ਦੇ ਰਾਹੀਆਂ,
ਭੁੱਲੀਆਂ ਨਜ਼ਰਾਂ ਵੇਖਣ ਆਈਆਂ।
ਤੋੜ ਸੁੱਟੀਆਂ ਅੰਬਰ ਵਾਗਾਂ,
ਤੱਕੀ ਧੂੜ ਲਹੂ ਦੀ ਖ਼ਾਬਾਂ।
ਰੰਗ ਸੁਗੰਧਾਂ ਚਮਕਾਂ ਤੋੜੀ,
ਅਰਜ਼ ਕੋਈ ਡਾਢੇ ਨੇ ਮੋੜੀ।
ਭਾਵੇਂ ਦਿਲ ਦੇ ਭਰੇ ਬਜ਼ਾਰਾਂ,
ਪਾਇਆ ਪੈੜ ਦਾ ਮੁੱਲ ਹਜ਼ਾਰਾਂ।
ਕੀ ਕਰਾਂ ਅੱਖੀਆਂ ਦੇ ਪਾਣੀ ?
ਸੁੱਤਿਆਂ ਛੋਡ ਗਏ ਕਰਵਾਨੀ !
ਚਮਕਾਂ ਚਾਈਆਂ ਛਿਣਾਂ ਦੇ ਰਾਹੀਆਂ;
ਖਾਰੀਆਂ ਉੱਤੇ ਵਿਸ ਦੀਆਂ ਫਾਹੀਆਂ !
“ਤੂੰ ਨਾਂਹ ਵੇਖ ਸਕੇਂ" ਕੋਈ ਹੋੜੇ,
ਲੱਖ ਫਰਿਸ਼ਤੇ ਦੇਣ ਨਹੋਰੇ।
ਹੜ੍ਹ ਨੂਰਾਂ ਦੇ ਆਦਿ ਜੁਗਾਦਾਂ,
ਮੌਤ ਸਾਮ੍ਹਿਉਂ ਲੰਘੀਆਂ ਯਾਦਾਂ।
ਕਿਉਂ ਅੱਜ ਖਿਚਦੇ ਭੰਵਰ ਤਣਾਵਾਂ ?
ਭੈਅ ਵਿਚ ਦੂਰ ਯੁਗਾਂ ਤੋਂ ਬਾਹਾਂ !
ਨਾਂਹ ਅੱਜ ਨੂਰ-ਮੂਰਛਾ ਆਵੇ,
ਘਟਾਂ ਬੰਨ੍ਹ ਸੁਰਤ 'ਤੇ ਛਾਵੇ।
ਭੈਅ ਦੇ ਰੰਗ ਵੀ ਖ਼ਾਲੀ ਖ਼ਾਲੀ,
ਨਾਂਹ ਕੋਈ ਵੇਖੇ, ਨਾਂਹ ਕੋਈ ਸੁਆਲੀ।
ਤਪਦੇ ਭੱਠ ਚੀਰ ਕੰਨਸੋਆਂ,
ਕਦੇ ਕਦੇ ਜੋ ਕਰਦੀਆਂ ਲੋਆਂ।
ਬਾਂਝ ਖਲਾ ਵਿਚ ਤਦੋਂ ਨਸੀਬਾਂ,
ਭਰੀਆਂ ਲਹੂਆਂ ਨਾਲ ਸਲੀਬਾਂ।
ਹਾਂ, ਅੱਜ ਸ਼ੌਕ-ਮੱਤੇ ਫ਼ਰਿਹਾਦਾਂ,
ਭੈਅ ਵਿਚ ਬੰਨ੍ਹੀਆਂ ਸਿਦਕੀ ਯਾਦਾਂ।
‘ਹਾਂ ਨਾਂਹ' ਤੋਂ ਮੈਂ ਉਂਝ ਦੁਰਾਡਾ,
ਆਗੇ ਘਾਮ ਨਾ ਪਿੱਛੇ ਜਾਡਾ !
'ਵਾਜ ਇਹੋ ਜਿਹੀ ਦੇਵਣ ਬੇਲੇ,
ਬਿਸਮਿਲ ਹੂੰਗਰ ਜਿਉਂ ਵਿਚ ਮੇਲੇ।
ਘਾਇਲ ਹੋਈਆਂ ਥਲਾਂ ਦੀਆਂ ਬਾਹਵਾਂ,
ਇਉਂ ਤੱਕਣ ਨਿਰਮੋਹ ਹਵਾਵਾਂ;
ਸਰਵਣ ਜਿਵੇਂ ਮੂਰਛਾ ਪਾਰੋਂ,
ਪਿਆਸ 'ਤੇ ਉਮ੍ਹਲੇ ਵਿਛੜੀ ਡਾਰੋਂ।
ਨਾਂਹ ਸੁਣੀ 'ਵਾਜ ਕਰਵਾਨੀ,
ਧੂੜ ਗਗਨ ਤੋਂ ਮੰਗਦੀ ਪਾਣੀ।
ਕੂੰਜ ਗਈ ਵੱਲ ਉੱਡ ਪਹਾੜਾਂ,
ਕੂਕ ਸੁਣੀ ਨ ਮੋਇਆਂ ਯਾਰਾਂ।
ਫਿਰ ਆਈ ਕੋਈ ਚੀਰ ਕੇ ਹੋਣੀ,
ਭੰਵਰਾਂ ਦੇ ਵਿਚ ਛੁਪੀ ਸਲੋਨੀ।
ਥਕਦੀ 'ਵਾਜ ਮੇਰੀ ਦੇ ਪਾਰੋਂ,
ਬੋਲੇ ਹੇਕ ਲਗਾਵਣ ਪਿਆਰੋਂ।
ਭਾਰੀ ਮੌਤ-ਸਿੰਧਾਂ ਦੇ ਪਾਣੀ,
ਤੋੜ ਭੰਵਰ ਛਲਕਾਵਣ ਹਾਣੀ।
ਕਾਂਗ ਸਰੂਰ ਦੀ ਇਕ ਪਲ ਛੇੜੇ,
ਹੜ੍ਹ ਉਠਦੇ ਕੁਮਲਾਂਦੇ ਖੇੜੇ।
ਇਕ ਪਲ 'ਵਾਜ ਮਾਹੀ ਦੀ ਆਵੇ,
ਵਣ ਦਿਸਦੇ, ਕੋਈ ਦੀਪ ਬੁਝਾਵੇ।
ਮੈਂ ਤੱਕਿਆ, ਕੁਝ ਵੇਖਣ ਜਾਵਾਂ,
ਸਦੀਆਂ ਪਾਰ ਤੇਰੇ ਪਰਛਾਵਾਂ।
ਭੈਅ ਵਿਚ ਕਦਮ ਮਿਰਾ ਥੱਰਾਵੇ,
ਰੰਗ ਕਸੁੰਭਾ ਛੋਡ ਨ ਜਾਵੇ !
ਸੁਣਾਂ ਹੇਠ ਮੈਂ ਜੰਡ ਫਲਾਹੀਆਂ,
ਹੌਕੇ ਭਰਨ ਝਨਾਂ ਦੀਆਂ ਜਾਈਆਂ।
ਤੁਰਨ ਲੱਗਾਂ, ਤਾਂ ਪੈਣ ਜ਼ੰਜੀਰਾਂ,
ਛੋਹ ਨਾ ਸਕਾਂ ਹੁਸਨ-ਵਹੀਰਾਂ।
ਰੁਲੀਆਂ ਬੀਆਬਾਨ ਤਕਸੀਰਾਂ,
ਮੁਕ ਗਈਆਂ ਸਰਸਬਜ਼ ਨਜ਼ੀਰਾਂ।
ਸੀਨੇ ਮੈਂਡੇ ਪੈਂਦੀਆਂ ਭੀੜਾਂ,
ਹੜ੍ਹ ਚੜ੍ਹਦੇ, ਮਿਟ ਜਾਣ ਅਖ਼ੀਰਾਂ !
+ + + + +
+ + + + +
ਭੇਦ ਥਲਾਂ ਦੇ ਨ੍ਹੇਰ 'ਚ ਕਾਵਾਂ,
ਸ਼ੋਰ ਪਾ ਸੁੱਟੇ, ਸੁੱਤੀਆਂ ਸ਼ੁਆਵਾਂ।
ਇਕ ਪਲ ਬਾਲੇ ਅਣਗਿਣ ਛਾਲੇ,
ਕਹਿਰਵਾਨ ਪਰ ਅੰਬਰ ਨਾਲੇ !
ਸੁਪਨੇ ਲੈ ਛਾਂ ਇਸਦੀ ਖਲ੍ਹੀਆਂ,
ਤਪਦੇ ਤਾਂਬੇ ਦੇ ਵਿਚ ਢਲੀਆਂ।
ਕੀ ਹੋਇਆ ਜੇ ਦੀਵੇ ਬਾਲੇ !
ਕੌਲ ਕਰੇ ਪਰ ਕੌਲ ਨ ਪਾਲੇ !
+ + + + +
ਖਿੱਚੋਂ ਜਿੰਦ ਨੂੰ ਇੰਞ ਹਨੇਰੇ :
ਫ਼ਜਰਾਂ ਛੁਪੀਆਂ ਦਿਲ ਜੋ ਮੇਰੇ।
ਦੂਰ ਅਸੰਖਾਂ ਤਾਰਿਆਂ ਪਾਰੋਂ,
ਪੱਥਰ ਕਰਸੇਂ ਤੋੜ ਜਿਉਂ ਡਾਰੋਂ।
ਕੁਝ ਮਾਸੂਮ ਅਵਾਜ਼ਾਂ ਲੰਘੀਆਂ,
ਜਾਨ ਮੇਰੀ ਨੂੰ ਚੁੰਮ ਕੇ ਕੰਬੀਆਂ।
ਦਿਲੜੀ ਖ਼ਾਲੀ ਥਲ ਪਿਆ ਮਾਰੇ,
ਹੌਲ ਮਿਰੇ ਅੰਬਰ ਤੋਂ ਭਾਰੇ।
ਨਾਂਹ ਵੇਖਾਂ, ਨ ਤਿਮਰ ਨ ਤਾਰੇ,
ਮੋਹ ਅਜਨਬੀ ਕੂੰਟਾਂ ਚਾਰੇ।
ਮੈਂ ਭੁੱਲਾ ਵਿਚ ਉਮਰ ਦੇ ਕੰਮਾਂ,
ਭਾਵੇਂ ਚੜ੍ਹਿਆ ਤਾਰਾ ਲੰਮਾ !
ਕਿਉਂ ਮੈਂ ਤੁਰਿਆ ? ਕੈਂ ਧਿਰ ਚੱਲਾਂ ?
ਨ ਮੈਂ ਖ਼ਾਲੀ, ਨ ਮੈਂ ਛੱਲਾਂ।
ਯੁਗਾਂ ਦੀਆਂ ਕੋਟਾਂ ਹੀ ਗਲੀਆਂ,
ਫ਼ਜਰਾਂ ਸੰਞਾਂ ਦੇ ਰੰਗ ਛਲੀਆਂ :
ਸੁੰਨਾਂ ਅੰਬਰ ਦੀਆਂ ਚੁੱਕ ਭਾਰੀ,
ਵੇਖਣ ਕਿਤੇ ਮਾਸੂਮ ਉਡਾਰੀ
ਇਕ ਭਬੂਕੇ ਚੜ੍ਹ ਕੇ ਬਲੀਆਂ,
ਚਰਖੇ ਦੀ ਘੂਕਰ ਵਿਚ ਪਲੀਆਂ।
ਪਾੜ ਸਿੰਧਾਂ ਨੂੰ ਖੜ੍ਹੀਆਂ ਸੁੰਨਾਂ,
ਦਿਲ ਸੈ ਭੰਬਰਾਂ ਦੇ ਵਿਚ ਰੁੰਨਾ ।
ਸਭ ਕੂੰਟਾਂ 'ਚੋਂ ਮੁੱਕੀਆਂ ਡਾਰਾਂ,
ਅੱਥਰੂ ਕੱਲਾ ਵਿਚ ਉਜਾੜਾਂ।
ਮਨ ਪਰਦੇਸੀ ਪੱਤਝੜ ਛਾਵਾਂ,
ਐਨਾ ਭਾਰ ਕਿਵੇਂ ਮੈਂ ਚਾਵਾਂ।
ਬਿਰਖ ਪੱਤਣ ਥਲ ਪਰਬਤ ਪਾਸੇ,
ਖਾਰ ਗਗਨ ਵਿਚ ਖੁਭੇ ਪਿਆਸੇ।
ਲੱਖਾਂ ਰਾਮ ਗਏ, ਵਣ ਪੈੜਾਂ,
ਚੰਨ ਸੂਰਜ ਭੁੱਲੇ ਸਮ ਗ਼ੈਰਾਂ !
ਕਦੇ ਕਦੇ ਵਣ 'ਚੋਂ ਹਬਕਾਰਾਂ,
ਭੇਜੀਆਂ ਮੈਨੂੰ ਮੋਇਆਂ ਯਾਰਾਂ।
ਸੁਕੇ ਦਿਲ ਮੰਗ ਸਕਣ ਨ ਖੈਰਾਂ,
ਸਾਨੂੰ ਛੋਡ ਗਈਆਂ ਸਭ ਲਹਿਰਾਂ।
ਖਾਇ ਮੂਰਛਾ ਡਿੱਗਾ ਝੱਲਾਂ,
ਮੈਂ ਨ ਜਾਗ ਰਿਹਾ ਨ ਚੱਲਾਂ।