ਉਦਾਸ ਵਕਤ 'ਚ ਮੈਂ

ਉਦਾਸ ਵਕਤ 'ਚ ਮੈਂ ਅਪਣੀ ਡਾਇਰੀ ਨ ਲਿਖੀ

ਸਫੇਦ ਸਫਿਆਂ ਤੇ ਮੈਂ ਮੈਲੀ ਜ਼ਿੰਦਗੀ ਨ ਲਿਖੀ

ਲਿਖੀ ਕਿਤਾਬ ਤੇ 'ਆਤਮ ਕਥਾ' ਕਿਹਾ ਉਸ ਨੂੰ

ਪਰ ਉਸ ਕਿਤਾਬ 'ਚ ਵੀ ਅਪਣੀ ਜੀਵਨੀ ਨ ਲਿਖੀ

ਮਲੂਕ ਫੁੱਲਾਂ ਨੂੰ ਜਦ ਵੀ ਕਦੇ ਮੈਂ ਖਤ ਲਿਖਿਆ

ਤਾਂ ਅਪਣੇ ਤਪਦਿਆਂ ਰਾਹਾਂ ਦੀ ਗਲ ਕਦੀ ਨ ਲਿਖੀ

ਚਿਰਾਗ ਲਿਖਿਆ ਬਣਾ ਕੇ ਚਿਰਾਗ ਦੀ ਮੂਰਤ

ਪਰ ਉਸ ਚਿਰਾਗ ਦੀ ਕਿਸਮਤ 'ਚ ਰੌਸ਼ਨੀ ਨ ਲਿਖੀ

ਜੁ ਉਡਦੀ ਜਾਏ ਹਵਾਵਾਂ 'ਚ ਪੰਛੀਆਂ ਵਾਗੂੰ

ਬਹੁਤ ਮੈਂ ਲਿਖਿਆ ਏ ਪਰ ਐਸੀ ਡਾਰ ਹੀ ਨ ਲਿਖੀ

ਬਹੁਤ ਜੁ ਲਿਖਿਆ ਗਿਆ ਮੈਂ ਵੀ ਓਹੀ ਲਿਖਦਾ ਰਿਹਾ

ਉਹ ਬਾਤ ਜੋ ਸੀ ਅਜੇ ਤੀਕ ਅਣਲਿਖੀ ਨ ਲਿਖੀ

📝 ਸੋਧ ਲਈ ਭੇਜੋ