ਉੱਡ ਜਾ ਸਮੁੰਦਰਾ

 ਉੱਡ ਜਾ ਸਮੁੰਦਰਾ, ਜੇ ਮਿੱਠਾ ਹੋਣਾ ਲੋਚਦਾ

 ਪਰੀਆਂ ਦੇ ਦੇਸ਼, ਗੇੜਾ ਲਾਉਣਾ ਜੇ ਪਿਆਰਿਆ।

 ਉੱਥੇ ਤੈਨੂੰ ਪਿਆਰ ਹੋਜੂ, ਪਰੀਆਂ ਦੀ ਰਾਣੀ ਨਾਲ਼

 ਮਿਲਣ ਲਈ ਸੱਜਣ, ਅੱਖੀਂ ਨੀਰ ਵਗੂ ਖਾਰਿਆ।

 ਸੂਰਜਾਂ ਦੀ ਅੱਗ ਤੈਨੂੰ, ਸਾੜਨੇ ਲਈ ਅੱਗੇ ਖੜ੍ਹੀ

 ਰਾਹ 'ਚ ਪੈੜ ਦੱਬੀ ਬੈਠੀ, ਵੇਖੀਂ ਘਬਰਾਵੀਂ ਨਾ।

 ਖਾਰਾ ਹੋ ਤੂੰ ਕਈ ਪਾਲ਼ੇ, ਮਿੱਠਾ ਹੋ ਕੇ ਪਾਲਣੇ ਲਈ

 ਪੁੰਨ ਨੂੰ ਤੂੰ ਮਿਲੀਂ, ਹੱਥ ਪਾਪੀ ਨਾਲ਼ ਮਿਲ਼ਾਵੀਂ ਨਾ।

 ਮਿੱਠਾ ਹੋ ਤੂੰ ਜਾਵੀਂ, ਸਾਰੇ ਬੱਦਲ਼ ਬਰਾਤੀ ਲੈ ਕੇ

 ਪਰੀਆਂ ਦੀ ਰਾਣੀ, ਮੁਲਾਕਾਤ ਕਰੀਂ ਸੋਹਣਿਆਂ।

 ਬਰਫ਼ ਬਣ ਜੰਮ ਜਾਵੀਂ, ਸੱਜਣਾਂ ਦੇ ਪੈਰੀਂ ਪੈਜੀਂ

 ਦੱਸ ਜਜ਼ਬਾਤ ਰੋਵੀਂ, ਕਿ ਕਿਹੜੇ ਧੋਣੇ ਧੋਣਿਆਂ।

 ਖਾਰਾ ਛੱਡ ਤੈਂ ਬਣਨਾ ਮਿੱਠੇ, ਸੁਹਣੇ ਸੱਜਣ ਜਦ ਤੂੰ ਡਿੱਠੇ

 ਪਪੀਹੇ ਚੁੰਝ ਪੈਜੀਂ, ਜਿੰਨੇ ਸੱਚੇ ਗੁਣ ਗਾਉਣੇ ਆਂ।

 ਦੋਨੋਂ ਜੀਅ ਧਰਤ ਤੇ ਆਇਓ, ਸ਼ਗਨਾ ਦੀ ਛਬੀਲ ਲਗਾਇਓ

 ਉਨ੍ਹਾਂ ਤਾਈਂ ਜਲ ਵਰਤਾਇਓ, ਜਿੰਨਾਂ ਰੁੱਖਾਂ ਜੜ੍ਹੀਂ ਪਾਉਣੇ ਆ।

 ਮਿਲ਼ੂ ਪਰੀ ਪਰ ਵਾਇਦਾ ਕਰ, ਪੱਕਾ ਇਹ ਇਰਾਦਾ ਕਰ

 ਪਾਣੀ ਗੰਦਾ ਕਰਨ ਵਾਲਿਆਂ, ਦੀ ਨਾ ਪਿਆਸ ਮਿਟਾਵੇਂਗਾ।

 ਤੂੰ ਵੀ ਖਾਰਾ ਛੱਡਣਾ, ਤੇ ਕਿਸੇ ਲਈ ਮਿੱਠਾ ਬਣਨਾ

 ਤਾਬਿਆਦਾਰ ਬਣਨਗੇ, ਤਾਂ ਕੰਮ ਪ੍ਰਾਣੀਆਂ ਆਵੇਂਗਾ।

📝 ਸੋਧ ਲਈ ਭੇਜੋ