ਉੱਡਿਆ ਸੁਪਨਾ ਬੋਲ ਇਉਂ 

ਵਲ ਸੰਞ ਦੀ ਲਾਲੀ। 

ਲੰਘਦੀ-ਛਿਪਦੀ ਦੂਰ ਸੀ

ਕੋਈ ਹੂਰ ਨਿਰਾਲੀ।

ਸੂਰਜ ਪਾਰ ਸਲੋਨੜੀ

ਚੁੰਮ੍ਹ ਕੰਬਦੇ ਪੈਂਡੇ,

ਭੇਜ ਰਹੀ ਰੰਗ-ਕਾਫ਼ਲੇ

ਥਲ ਹੋਣ ਨ ਖ਼ਾਲੀ।

ਸਹਿਮ ਜਹੇ ਵਿਚ ਕਦੇ ਵੀ

ਉਹ ਪਰੀ ਨ ਬੋਲੇ,

ਯੁਗਾਂ ਤਕ ਜੇ ਥਲਾਂ ਵਿਚ

ਰਹੇ ਖੜਾ ਸੁਆਲੀ।

ਤੋਸ਼ਾ ਹੂਰ ਦੀ ਯਾਦ ਦਾ

ਰੁਲ ਜਾਏ ਨ ਰਾਤੀਂ,

ਸਾਰੇ ਥਲ ਵਿਚ ਸਹਿਮ ਦੀ

ਪਈ ਕੰਬਦੀ ਡਾਲੀ।

ਕਿਹਾ ਮੈਂ : “ਬਿਰਹੁੰ ਰੰਗ ਤਕ 

ਸਭ ਰੁੱਤਾਂ ਜੀਵਣ, 

ਬੀਜ ਦੇਵੇ ਇਸ ਬੀਜ ਨੂੰ 

ਜੇ ਸਮੇਂ ਦਾ ਮਾਲੀ।”

📝 ਸੋਧ ਲਈ ਭੇਜੋ