ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।
ਅੱਖ ਵਿਚ ਸਿੱਕਾਂ ਦਿਲ ਵਿਚ ਸਿੱਕਾਂ, ਲੂੰ ਲੂੰ ਦੇ ਵਿਚ ਸਿੱਕਾਂ ।
ਲਾ ਲਾ ਬੁਲ੍ਹੀਆਂ ਦੇ ਨਾਲ ਬੁਲ੍ਹੀਆਂ, ਹਿੱਕਾਂ ਦੇ ਨਾਲ ਹਿੱਕਾਂ ।
ਲਾਮ ਤੇ ਜਾਂਦੀ ਵਾਰੀ, ਜਦ ਵੰਡੀਆਂ ਸਨ ਛਿੱਕਾਂ ।
ਦੋ ਦਿਲਾਂ ਦੇ ਜਜ਼ਬਿਆਂ ਦੀ ਉਹ, ਸੌੜ ਉਹ ਆਪ ਮੁਹਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।
ਡੂੰਘੇ ਸਾਹ ਲੈ ਲੈ ਕੇ ਤੇ ਅੱਖੀਆਂ ਵਿਚ ਅੱਖੀਆਂ ਪਾਣਾ ।
ਅੱਖੀਆਂ ਵਿਚ ਅੱਖੀਆਂ ਪਾ ਪਾ ਕੇ, ਤਾਂਘਾਂ ਨੂੰ ਹੋਰ ਜਗਾਣਾ ।
ਕਿਸੇ ਖ਼ਿਆਲੋਂ ਕੰਬ ਕੇ ਮੇਰਾ, ਪਲਕਾਂ ਨੂੰ ਝਪਕਾਣਾ ।
ਨਿਕੇ ਨਿਕੇ ਹਟਕੋਰੇ ਭਰ ਭਰ ਦਸਣੀ ਬੇਕਰਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।
ਗਲ ਲੱਗ ਲੱਗ ਕੇ ਵਿਦਿਆ ਹੋਣਾ, ਰਹਿ ਰਹਿ ਕੇ ਗਲ ਲੱਗਣਾ ।
ਦਿਲ ਦੀਆਂ ਦਿਲ ਵਿਚ ਰਹੀਆਂ ਦਾ, ਮੁੜ ਹੰਝੂ ਬਣ ਬਣ ਵਗਣਾ ।
ਆਪੋ ਵਿਚ ਤਸੱਲੀਆਂ ਦੇ ਦੇ, ਹੱਥੋਂ ਹੋਰ ਵੀ ਠਗਣਾ ।
ਰੱਬ ਹਵਾਲੇ ਇਕ ਦੂਜੇ ਨੂੰ, ਕਰਨਾ ਵਾਰੋ ਵਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।
ਸੁਣਿਆ ਮੁਕ ਪਏ ਹੁਣ ਪੈਂਡੇ, ਸੁਣਿਆ ਮੁੱਕ ਪਈਆਂ ਹੁਣ ਲਾਮਾਂ ।
ਆ ਮਾਹੀ ! ਝੱਬ ਆ ਮੈਂ ਮੰਨੀਆਂ, ਹੋਈਆਂ ਕਈ ਸਲਾਮਾਂ ।
ਨੈਣ ਪਕਾ ਲਏ ਤੇਰਾ ਰਾਹ ਤੱਕ ਤੱਕ ਕੇ ਅਸਾਂ ਗ਼ੁਲਾਮਾਂ ।
ਆ ਮਾਹੀ ਹੁਣ ਭਾਰੀ ਲਗਦੀ, ਇਹ ਬਿਰਹਾ ਦੀ ਖਾਰੀ ।
ਅਜ ਤਕ ਮੈਨੂੰ ਯਾਦ ਹੈ ਤੇਰਾ, ਮਿਲਣਾ ਜਾਂਦੀ ਵਾਰੀ ।