ਵਣ ਮਹਾਂ ਉਤਸਵ ਮੁਹਿੰਮ ਦਾ ਇਫ਼ਤਤਾਹ
ਮੁਲਕ ਦਾ ਹਾਕਮ ਜੋ ਉੱਚਾ ਨਾਗਰਿਕ
ਇਸ ਨਿਮਾਣੇ ਨਗਰ ਦੇ ਵਿਚ ਆਏਗਾ
ਅਪਣੇ ਹੱਥੀਂ ਆਪ ਇਕ
ਫਲਦਾਰ ਬੂਟਾ ਲਾਏਗਾ
ਇਸ ਸ਼ਹਿਰ ਦਾ ਮਾਣ
ਸਾਰੇ ਮੁਲਕ ਦਾ ਉਤਸ਼ਾਹ ਬਹੁਤ ਵਧ ਜਾਏਗਾ
ਖ਼ੁਸ਼ਾਮਦੀ ਖ਼ੁਸ਼-ਆਮਦੀਦੀ
ਖ਼ੂਬਸੂਰਤ ਖ਼ੂਬ ਮਹਿਰਾਬਾਂ ਨੇ ਸੜਕਾਂ ਕੱਜੀਆਂ
ਜੀ ਆਇਆਂ ਹਲਵਾਈਆਂ ਵਲੋਂ
ਖੋਏ ਦੁੱਧ ਮਲਾਈਆਂ ਵਲੋਂ
ਸ਼ਹਿਰ ਦੇ ਕੁਲ ਕਸਾਈਆਂ ਵਲੋਂ
ਪਹੁੰਚਣ ਵਾਲੀ ਹੀ ਹੈ ਗੱਡੀ
ਦੇਸ਼ ਦੀ ਹਸਤੀ ਏਨੀ ਵੱਡੀ
ਆਉਣੀ ਹੈ ਸਾਡੇ ਵਿਚਕਾਰ
ਛੱਡ ਦਿਉ ਸਭ ਕਾਰੋਬਾਰ
ਤੇ ਪੰਡਾਲ ਤੋਂ ਅਸਟੇਸ਼ਨ ਤਕ
ਰਾਹ ਦੇ ਦੋਹੀਂ ਪਾਸੀਂ ਖੜ ਕੇ
ਆਪਣੇ ਨੇਤਾ ਮਹਾਂ ਪੁਰਸ਼ ਦੇ ਦਰਸ਼ਨ ਪਾਓ
ਤਾੜੀ ਮਾਰੋ ਫੁਲ ਬਰਸਾਓ
ਜ਼ਿੰਦਾਬਾਦ ਦੇ ਨਾਅਰੇ ਲਾਓ
ਰਿਕਸ਼ੇ ਵਾਲਾ ਹੈ ਬਦਕਾਰ
ਕਹਿੰਦਾ ਜਾਵੇ
ਸਾਨੂੰ ਕੀ ਟੈਰਾਂ ਦਾ ਜੋੜਾ ਦੇ ਜਾਣਾ ਵੱਡੀ ਸਰਕਾਰ
ਖਿੱਚਣਾ ਅਸੀਂ ਤਾਂ ਆਪਣਾ ਭਾਰ
ਗਰਮੀ ਦੀ ਰੁੱਤ ਹੋਈ ਦੁਪਹਿਰ
ਹੁੰਮਲ ਨੂੰ ਚੜ੍ਹਿਆ ਹੈ ਕਹਿਰ
ਵਿਰਲਾ ਵਿਰਲਾ ਕਾਲਾ ਕੋਟ
ਨਾਲ ਨਕਟਾਈ
ਹੁਮ ਹੁਮਾ ਕੇ ਆਇਆ ਸ਼ਹਿਰ
ਵੱਸ ਗਿਆ ਸਜਿਆ ਪੰਡਾਲ
ਕਾਗਜ਼ ਪੁਸ਼ਪਾਂ-ਰੰਗ ਬਰੰਗੇ
ਫੁਲੇ ਹੋਏ ਭੁਕਾਨਿਆਂ ਨਾਲ
ਦਰੀਆਂ ਸਾਫ਼ ਗਲੀਚੇ ਕੂਲੇ
ਵਿਛ ਗਈ ਲੰਮੀ ਚਾਦਰ ਲਾਲ
ਉਤੋਂ ਨਾ ਕੋਈ ਲੰਘੇ ਬਾਲ
ਭੀੜ ਭੜੱਕਾ ਸੰਭਲੋ ਬੇਗ਼ਮ
ਢਿਲਕਣ ਲੱਗੇ ਨਕਲੀ ਵਾਲ
ਚੁਸਤ ਪੁਸ਼ਾਕਾਂ ਨੇ ਪਹਿਨੇ ਹਨ ਗੋਰੇ ਪਿੰਡੇ
ਸੋਫੇ ਉੱਤੇ ਢੇਰੀ ਹੋਈ
ਲਵੰਡਰ ਦੀ ਖ਼ੁਸ਼ਬੋ
ਪਰਸ ਦੇ ਵਿਚੋਂ ਮੋਰ ਪੰਖ ਦਾ ਪੱਖਾ ਕਢੇ
ਆ ਹਾ ਹਾ—ਓ ਹੋ ਹੋ
ਸਭ ਤੋਂ ਪਹਿਲਾਂ ਕਾਹਦੀ ਵਾਰੀ
ਜਨ ਗਨ ਮਨ ਦੀ ਕਰੋ ਤਿਆਰੀ
ਕਾਲਾ ਕੋਟ ਨਾਲ ਨਕਟਾਈ
ਹੁੰਮ ਗਰਮੀ ਵਿਚ ਇਕ ਅਫ਼ਸਰ ਬੇਹੋਸ਼ ਹੋ ਗਿਆ
ਮੁਖ ਮਹਿਮਾਨ ਦੇਰ ਕਿਉਂ ਲਾਈ
ਟੈਸਟਿੰਗ ਟੈਸਟਿੰਗ
ਵਨ ਟੂ ਥਰੀ
ਟੈਸਟਿੰਗ
ਹੈਲੋ ਟੈਸਟਿੰਗ।