ਉਹ ਮਿਰੇ ਪੈਰਾਂ 'ਚ ਸ਼ੀਸ਼ੇ ਚਿਣ ਗਏ

ਉਹ ਮਿਰੇ ਪੈਰਾਂ 'ਚ ਸ਼ੀਸ਼ੇ ਚਿਣ ਗਏ ।

ਇਸ ਲਈ ਸੜਕਾਂ ਤੇ ਕੁਝ ਫੁੱਲ ਖਿੰਡ ਗਏ।

ਛੱਡਤਾ ਮੌਸਮ ਨੇ ਗੁੱਸੇ ਵਿਚ ਤੂਫਾਂ,

ਦੁੱਖ ਰੁੱਖਾਂ ਦੇ ਪਰਿੰਦੇ ਸੁਣ ਗਏ ।

ਵਕਤ ਦੀ ਖ਼ਾਮੋਸ਼ ਛਾਤੀ ਧੜਕਦੀ,

ਜ਼ਖ਼ਮ ਦੇ ਕੇ ਕਿੰਨੇ ਦਿਨ, ਪਲ, ਛਿਣ ਗਏ।

ਮਹਿਕਦਾ ਹੈ ਮੇਰੇ ਤਕੀਏ ਦਾ ਗਿਲਾਫ਼,

ਅਸ਼ਕ ਤੇਰੇ ਇਸ ਤੇ ਕੀਹ ਕੀਹ ਬੁਣ ਗਏ।

ਢੂੰਡਦੀ ਰਹਿੰਦੀ ਫ਼ਕੀਰਾਨਾ ਹਵਾ,

ਕਿਸ ਦਿਸ਼ਾ ਨੂੰ ਬਾਦਸ਼ਾਹ ਨਿਰਧਨ ਗਏ।

ਉਹ ਵਰ੍ਹੇ ਬੱਦਲ ਮਿਰੇ ਇਹਸਾਸ ਦੇ,

ਭਿੱਜ ਪਥਰੀਲੀ ਜ਼ਿਮੀ ਦੇ ਕਣ ਗਏ।

📝 ਸੋਧ ਲਈ ਭੇਜੋ