ਉੱਜੜੇ ਪੁੱਜੜੇ ਹੋਵਣ ਜੋ ਇਨਸਾਨ

ਉੱਜੜੇ ਪੁੱਜੜੇ ਹੋਵਣ ਜੋ ਇਨਸਾਨ ਨਈਂ ਹੱਸਦੇ ਹੁੰਦੇ 

ਸੁੰਞ ਮਸੁੰਞੀਆਂ ਥਾਂਵਾਂ ਕਬਰਸਤਾਨ ਨਈਂ ਹੱਸਦੇ ਹੁੰਦੇ 

ਅੱਜ ਕਿਸੇ 'ਤੇ ਹੱਸ ਨਾ ਖ਼ੌਰੇ ਕੱਲ੍ਹ ਨੂੰ ਪੈ ਜਾਏ ਰੋਣਾ 

ਰੋਂਦੇ ਹੋਇਆਂ ਉੱਤੇ ਮੇਰੀ ਜਾਨ ਨਈਂ ਹੱਸਦੇ ਹੁੰਦੇ 

ਏਨਾ ਚੇਤੇ ਰੱਖ ਪ੍ਰਧਾਨਾ ਮਾੜੇ ਦੀ ਗੱਲ ਸੁਣ ਕੇ 

ਜਿਸਰਾਂ ਤੂੰ ਹੱਸ ਪੈਨਾ ਏ ਪ੍ਰਧਾਨ ਨਈਂ ਹੱਸਦੇ ਹੁੰਦੇ 

ਆਪਣੇ ਮੁੱਖ 'ਤੇ ਖਿੜ ਖਿੜ ਹੱਸਦੇ ਤਿਲ ਨੂੰ ਇਹ ਸਮਝਾ ਲੈ 

ਰਾਖੀ ਬੈਠੇ ਹੋਵਣ ਜੋ ਦਰਬਾਨ ਨਈਂ ਹੱਸਦੇ ਹੁੰਦੇ

‘ਸੰਧੂ’ ਕਿੰਜ ਇਹ ਅੱਜ ਦਿਆਂ ਸੁਲਤਾਨਾਂ ਨੂੰ ਸਮਝਾਈਏ 

ਰਈਅਤ ਰੋਂਦੀ ਹੋਵੇ ਤੇ ਸੁਲਤਾਨ ਨਈਂ ਹੱਸਦੇ ਹੁੰਦੇ

📝 ਸੋਧ ਲਈ ਭੇਜੋ