ਆਖ਼ਰ ਤਾਂ ਕਦੇ ਲੱਗੇਗੀ ਮੇਰੀ ਲਾਸ਼ ਕਿਨਾਰੇ
ਧੋਤੀ ਹੋਈ ਹੈ ਰਾਤ ਤੇ ਸਭ ਡੁਲ੍ਹ ਗਏ ਸਿਤਾਰੇ
ਸਾਗਰ ਦੀ ਪਰੀ ਇਸ਼ਕ 'ਚ ਸੀਨੇ ਨੂੰ ਉਭਾਰੇ
ਲਹਿਰਾਂ ਦੀ ਜਵਾਨੀ 'ਚ ਸਭ ਡੁਬੀਆਂ ਚੱਟਾਨਾਂ
ਹੱਥਾਂ ਚੋਂ ਨਿਕਲ ਚੁੱਕੇ ਨੇ ਚੱਪੂਆਂ ਦੇ ਸਹਾਰੇ
ਬੇੜੀ ਦੇ ਦਗ਼ਾ ਦੇਣ 'ਚ ਬਸ ਥੋੜਾ ਹੀ ਦਮ ਹੈ
ਸਾਹਿਲ ਤੋਂ ਬੜਾ ਦੂਰ ਹਾਂ ਪਰ ਇਸ ਦਾ ਕੀ ਗ਼ਮ ਹੈ
ਭਰਪੂਰ ਜਵਾਨੀ 'ਚ ਜਿਨ੍ਹਾਂ ਮਰਨ ਦੀ ਧਾਰੀ
ਉਹਨਾਂ ਦੇ ਲਈ ਕਾਫ਼ੀ ਨੇ ਬਾਹਾਂ ਦੇ ਸਹਾਰੇ
ਆਖ਼ਰ ਤਾਂ ਕਦੇ ਲੱਗੇਗੀ ਮੇਰੀ ਲਾਸ਼ ਕਿਨਾਰੇ ।
(ਜਦ) ਸਾਗਰ ਦੀ ਪਰੀ ਚੂਸ ਲਊ ਜੀਵਨ ਤੇ ਜਵਾਨੀ
ਜਾ ਸੁੱਟੇਗਾ ਸਾਹਿਲ ਤੇ ਮੇਰੀ ਲਾਸ਼ ਨੂੰ ਪਾਣੀ
ਹੋ ਜਾਣਗੇ ਕੱਠੇ ਉਹ ਤਦੋਂ ਸਾਹਿਲਾਂ ਵਾਲੇ
ਪਾ ਲੈਣਗੇ ਝੁਰਮਟ ਉਹ ਮੇਰੀ ਲਾਸ਼ ਦੁਆਲੇ
ਨੈਣਾਂ 'ਚੋਂ ਤਰਸ ਕਰੇਗਾ ਪਾਣੀ ਦੇ ਪਿਆਲੇ
ਬਗ-ਕੇਸ, ਝੁਕੀ ਕਮਰ, ਹਿਲੀ ਨਜ਼ਰ ਦਾ ਮਾਲਕ
ਜਿਸ ਉਮਰ ਦੇ ਸਭ ਸਾਲ ਨੇ ਸਾਹਿਲ ਤੇ ਗੁਜ਼ਾਰੇ
ਮੁਮਕਿਨ ਹੈ ਮੇਰੀ ਲਾਸ਼ ਤੇ ਕੁਝ ਇੰਞ ਉਚਾਰੇ :
‘ਇਹ ਉਹ ਹੈ ਜਿਹਨੂੰ ਦਸਿਆ ਸੀ, ਤੂਫ਼ਾਨ ਹੈ ਡਾਢਾ
‘ਇਹ ਉਹ ਹੈ ਜਿਦ੍ਹੀ ਬੇੜੀ ਨੂੰ ਅਸੀਂ ਡਕ ਡਕ ਹਾਰੇ
‘ਇਹ ਉਹ ਹੈ ਜਿਹਨੂੰ ਵਰਜਿਆ ਅਣ-ਆਈ ਨ ਮਰ ਜਾ
‘ਇਸ ਭੂਤੇ ਹੋਏ ਪਾਣੀ ਨੂੰ ਕਿਉਂ ਬੰਦਾ ਵੰਗਾਰੇ
‘ਪਰ ਇਕ ਨ ਸੁਣੀ ਏਸ, ਤੇ ਬਸ ਆਪਣੀ ਕੀਤੀ
ਏਦਾਂ ਹੀ ਰਹੇ ਮਰਦੇ ਨੇ ਇਹ ਬੇੜੀਆਂ ਵਾਲੇ
‘ਵੇਖੋ ਇਹਦਾ ਅੰਤ ਤੇ ਕੁਝ ਸਿੱਖੋ ਨਸੀਹਤ
‘ਮੂਰਖ ਹੈ ਜਿਹੜਾ ਵੇਖ ਕੇ ਸੋਚੇ ਨ ਵਿਚਾਰੇ
‘ਇਹ ਉਹ ਹੈ ਜਿੰਨ੍ਹੇ ਬੇੜੀ ਦੇ ਪੈਂਡੇ ਹੀ ਸਲਾਹੇ
‘ਇਹ ਉਹ ਹੈ ਜਿੰਨ੍ਹੇ ਉਮਰ 'ਚ ਸਾਹਿਲ ਨ ਪਿਆਰੇ'
ਆਖ਼ਰ ਤਾਂ ਕਦੀ ਲੱਗੇਗੀ ਮੇਰੀ ਲਾਸ਼ ਕਿਨਾਰੇ
ਬਸ ਏਹੋ ਹੀ ਗ਼ਮ ਹੈ
ਉੱਮੀਦ ਵੀ ਇਕ ਹੈ
ਮੁਮਕਿਨ ਹੈ ਅਜੇ ਧਰਤ ਤੇ ਲਿਸ਼ਕਣ ਨ ਉਜਾਲੇ
ਤਕ ਲੈਣ ਮੇਰੀ ਲਾਸ਼ ਨੂੰ ਉਹ ਬੇੜੀਆਂ ਵਾਲੇ
ਮਾਰਨ ਉਹ ਮੇਰੇ ਬੋਝ ਨੂੰ ਪਾਣੀ 'ਚ ਵਗਾਹਤਾ
ਕਰ ਦੇਣ ਮੇਰੀ ਲਾਸ਼ ਨੂੰ ਮੁੜ ਪਾਣੀ ਹਵਾਲੇ
ਨਾ ਵੇਖੇ ਮੇਰਾ ਅੰਤ ਨ ਕੋਈ ਸਿੱਖੇ ਨਸੀਹਤ
ਇਸ ਭੂਤੇ ਹੋਏ ਪਾਣੀ ਨੂੰ ਨਿਤ ਬੰਦਾ ਵੰਗਾਰੇ
ਚਾਹੁੰਦਾ ਹਾਂ ਕਦੇ ਲੱਗੇ ਨਾ ਮੇਰੀ ਲਾਸ਼ ਕਿਨਾਰੇ