ਉਮਰਾਂ ਦੇ ਇਕਲਾਪੇ ਨੂੰ ਮੈਂ, ਸੋਚਾਂ ਨਾਲ ਮੁਕਾਇਆ ਏ ।
ਸੁੰਦਰ ਘੜੀਆਂ ਚੇਤੇ ਕਰਕੇ, ਵਾਹਵਾ ਰੰਗ ਜਮਾਇਆ ਏ ।
ਅਣਖੀ ਸ਼ੀਸ਼ਾ ਦਿੱਸਣ ਵਾਲਾ, ਕੋਈ ਵੀ ਰਾਹਬਰ ਲੱਭੇ ਨਾ,
ਬਾਜ਼ਾਂ ਨੂੰ ਅੱਜ ਇੱਲ੍ਹਾਂ ਨੇ ਕਿੰਜ ਆਪਣੇ ਹੇਠਾਂ ਲਾਇਆ ਏ ।
ਗ਼ੈਰਾਂ ਨਾਲ ਭਿਆਲੀ ਪਾਇਆਂ, ਇੱਕੋ ਸਿੱਟਾ ਨਿਕਲੇਗਾ,
ਤੋਤੇ ਕਾਂ ਦੀ ਯਾਰੀ ਦੇ ਵਿਚ ਜੋ ਤੋਤੇ ਨੇ ਪਾਇਆ ਏ ।
ਇਕ-ਇਕ ਗੱਭਰੂ ਪੋਰਸ ਵਰਗਾ, ਸਾਨੂੰ ਮੂਲ ਨਾ ਲੋੜਾਂ ਸਨ,
ਇਕ ਬਣੀਏ ਦੀਆਂ ਤੜ੍ਹੀਆਂ ਪਾਰੋਂ, ਅੱਕ ਕੇ ਕੰਮ ਮੁਕਾਇਆ ਏ ।
ਆਪਣੀ ਸੁਰਤ ਨਾ ਰਹਿੰਦੀ ਮੈਨੂੰ, ਤੇਰੀ ਕੀ ਸੁਰ ਰੱਖਾਂ ਮੈਂ,
ਭੁੱਖ ਕਲਹਿਣੀ ਕਾਲ ਦੇ ਵਾਂਗਰ, ਘਰ ਘਰ ਰੋਣਾ ਪਾਇਆ ਏ ।
ਰੁੱਖਾਂ ਵਾਂਗੂੰ ਛਾਂ ਵਰਤਾਏ, ਨਾਲ ਸ਼ਿਲਾ ਨਾ ਮੰਗੇ ਜੋ,
ਉਹੀਉ ਆਪਣਾ ਲੀਡਰ ਹੈਸੀ, ਉਹੀਉ ਧਰਤੀ ਜਾਇਆ ਏ ।
ਭਾਵੇਂ ਰਾਤਾਂ ਲੰਮੀਆਂ 'ਆਤਿਸ਼' ਓੜਕ ਨੂੰ ਦਿਨ ਚੜ੍ਹਨਾ ਏ,
ਜਿਸ ਦੀ ਖ਼ਾਤਰ ਸੇਵਕ ਵੀਰੋ ਸੂਰਜ ਯਾਰ ਬਣਾਇਆ ਏ ।