ਉਂਜ ਤਾਂ ਮਾੜਾ ਹਾਲ

ਉਂਜ ਤਾਂ ਮਾੜਾ ਹਾਲ ਨਹੀਂ,

ਬੱਸ ਇਕ ਤੂੰ ਹੀ ਨਾਲ ਨਹੀਂ।

ਜੀਣਾ ਸਿੱਖ ਫ਼ਕੀਰਾਂ ਤੋਂ,

ਜੀਣਾ ਖ਼ਾਸ ਮੁਹਾਲ ਨਹੀਂ।

ਐਵੇਂ ਵਾਧੂ ਗੱਲਾਂ ਨੇ,

ਗ਼ਮ ਦਾ ਕੋਈ ਭਿਆਲ ਨਹੀਂ।

ਅਜ ਕਿਸ ਪਾਸੇ ਚੱਲੇ ਹੋ?

ਅਜ ਕਲ੍ਹ ਵਰਗੀ ਚਾਲ ਨਹੀਂ।

ਹਾੜ ਤਪੰਦਾ ਤੇਰੇ ਬਿਨ,

ਹੁੰਦਾ ਕੱਟ ਸਿਆਲ ਨਹੀਂ।

ਇਹ ਕੈਸਾ ਇਕਲਾਪਾ ਹੈ,

ਪਰਛਾਵਾਂ ਵੀ ਨਾਲ ਨਹੀਂ।

ਦਰਸ਼ਨ ਤਾਂਘਦੀਓ ਅੱਖੀਓ, 

ਝੱਲੀ ਜਾਣੀ ਝਾਲ ਨਹੀਂ।

ਗੀਤ ਚਮਨ ਦੇ ਗਾਉਂਦਾ ਹਾਂ, 

ਮੇਰੀ ਇਕ ਵੀ ਡਾਲ ਨਹੀਂ।

📝 ਸੋਧ ਲਈ ਭੇਜੋ